ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 2 ਫਰਵਰੀ
ਵਿਧਾਨ ਸਭਾ ਹਲਕਾ ਰਾਜਪੁਰਾ ਇੱਕ ਅਜਿਹੀ ਸੀਟ ਹੈ, ਜਿੱਥੇ ਰਾਜਸੀ ਪਾਰਟੀਆਂ ਨੇ ਜ਼ਿਆਦਾਤਰ ਬਾਹਰੀ ਉਮੀਦਵਾਰਾਂ ’ਤੇ ਭਰੋਸਾ ਕਰ ਕੇ ਟਿਕਟਾਂ ਦਿੱਤੀਆਂ ਹਨ। ਜੇਕਰ ਪਿਛਲੇ 50 ਸਾਲਾਂ ਦੇ ਰਿਕਾਰਡ ’ਤੇ ਨਜ਼ਰ ਮਾਰੀਏ ਤਾਂ ਵੱਖ-ਵੱਖ ਰਾਜਸੀ ਪਾਰਟੀਆਂ ਨੇ ਹਲਕਾ ਰਾਜਪੁਰਾ ਤੋਂ ਵੱਖ-ਵੱਖ ਸਮੇਂ ਦੌਰਾਨ ਸਿਰਫ ਤਿੰਨ ਸਥਾਨਕ ਉਮੀਦਵਾਰਾਂ ਦੇ ਪੱਲੇ ਹੀ ਟਿਕਟਾਂ ਪਾਈਆਂ ਨਹੀਂ ਤਾਂ ਇੱਥੋਂ ਬਾਹਰੀ ਉਮੀਦਵਾਰ ਹੀ ਚੋਣ ਮੈਦਾਨ ਵਿੱਚ ਉਤਾਰੇ ਹਨ। ਹਲਕੇ ਦੇ ਲੋਕਾਂ ਨੇ ਵੀ ਸਥਾਨਕ ਤੇ ਬਾਹਰੀ ਉਮੀਦਵਾਰ ਵਿੱਚ ਕੋਈ ਫਰਕ ਨਹੀਂ ਸਮਝਿਆ ਅਤੇ ਮੌਕੇ ਦੀ ਨਜ਼ਾਕਤ ਅਨੁਸਾਰ ਉਮੀਦਵਾਰ ’ਤੇ ਜਿੱਤ ਦਾ ਤਿਲਕ ਲਾਉਂਦੇ ਰਹੇ ਹਨ।
ਹਲਕਾ ਰਾਜਪੁਰਾ ਵਿੱਚ 1972 ਤੋਂ 2017 ਤੱਕ ਪੰਜ ਵਾਰ ਕਾਂਗਰਸ, 2 ਵਾਰ ਭਾਜਪਾ ਅਤੇ ਇੱਕ-ਇੱਕ ਵਾਰ ਸੀਪੀਐੱਮ ਤੇ ਸ਼੍ਰੋਮਣੀ ਅਕਾਲੀ ਦਲ ਨੇ ਜਿੱਤ ਪ੍ਰਾਪਤ ਕੀਤੀ ਹੈ। 1972 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਦੇ ਬਾਹਰੀ ਉਮੀਦਵਾਰ ਬ੍ਰਿਜ ਲਾਲ ਗੋਇਲ (ਪਟਿਆਲਾ) ਨੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੋਗਿੰਦਰ ਸਿੰਘ ਨੂੰ 4,343 ਵੋਟਾਂ ਦੇ ਫਰਕ ਨਾਲ ਹਰਾਇਆ। 1977 ਵਿੱਚ ਕਾਂਗਰਸ ਨੇ ਸਥਾਨਕ ਵਿਅਕਤੀ ਪ੍ਰੇਮ ਸਿੰਘ ਪ੍ਰੇਮ ਨੂੰ ਟਿਕਟ ਦਿੱਤੀ, ਜੋ ਕਿ ਭਾਰਤੀ ਜਨਤਾ ਪਾਰਟੀ ਦੇ ਸਥਾਨਕ ਉਮੀਦਵਾਰ ਲਾਲਾ ਹਰਬੰਸ ਲਾਲ ਤੋਂ 12,205 ਵੋਟਾਂ ਦੇ ਫਰਕ ਨਾਲ ਹਾਰ ਗਏ। 1980 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਮੁੜ ਬਾਹਰੀ ਵਿਅਕਤੀ ਬ੍ਰਿਜ ਲਾਲ ਗੋਇਲ ਨੂੰ ਟਿਕਟ ਦਿੱਤੀ, ਜਿਨ੍ਹਾਂ ਨੂੰ ਸੀਪੀਐੱਮ ਦੇ ਸਥਾਨਕ ਉਮੀਦਵਾਰ ਕਾਮਰੇਡ ਬਲਵੰਤ ਸਿੰਘ ਹੱਥੋਂ 12,585 ਵੋਟਾਂ ਨਾਲ ਹਾਰ ਮਿਲੀ। 1985 ਵਿੱਚ ਹੋਈਆਂ ਚੋਣਾਂ ਵਿਚ ਕਾਂਗਰਸ ਨੇ ਸਥਾਨਕ ਨਰੇਸ਼ ਕੁਮਾਰ ਮਹਿਤਾਬ ਨੂੰ ਟਿਕਟ ਦਿੱਤੀ ਪਰ ਉਹ ਸ਼੍ਰੋਮਣੀ ਅਕਾਲੀ ਦਲ ਦੇ ਬਾਹਰੀ ਉਮੀਦਵਾਰ ਪ੍ਰੇਮ ਚੰਦ ਗੁਪਤਾ ਕੋਲੋਂ 2,104 ਵੋਟਾਂ ਦੇ ਫਰਕ ਨਾਲ ਹਾਰੇ ਗਏ। 1992 ਦੀਆਂ ਚੋਣਾਂ ਦੌਰਾਨ ਦੋ ਸਥਾਨਕ ਉਮੀਦਵਾਰਾਂ ਵਿਚਾਲੇ ਮੁਕਾਬਲਾ ਹੋਇਆ ਜਿਸ ਵਿੱਚ ਕਾਂਗਰਸੀ ਉਮੀਦਵਾਰ ਰਾਜ ਕੁਮਾਰ ਖੁਰਾਣਾ ਨੇ ਰਾਮ ਚੰਦ ਪ੍ਰੇਮੀ (ਭਾਜਪਾ) ਨੂੰ 13,934 ਵੋਟਾਂ ਨਾਲ ਹਰਾਇਆ। 1997 ਵਿੱਚ ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਦੇ ਸਥਾਨਕ ਉਮੀਦਵਾਰ ਰਾਜ ਖੁਰਾਣਾ ਖ਼ਿਲਾਫ਼ ਬਾਹਰੀ ਵਿਅਕਤੀ ਬਲਰਾਮਜੀ ਦਾਸ ਟੰਡਨ ਨੂੰ ਚੋਣ ਮੈਦਾਨ ਵਿੱਚ ਭੇਜਿਆ ਤੇ ਟੰਡਨ 1,131 ਫਰਕ ਨਾਲ ਜੇਤੂ ਰਹੇ। 2002 ਦੀਆਂ ਚੋਣਾਂ ਵਿੱਚ ਇੱਕ ਵਾਰ ਫਿਰ ਬਾਹਰੀ ਉਮੀਦਵਾਰ ਬਲਰਾਮਜੀ ਦਾਸ ਟੰਡਨ (ਭਾਜਪਾ) ਅਤੇ ਸਥਾਨਕ ਉਮੀਦਵਾਰ ਰਾਜ ਖੁਰਾਣਾ ਵਿਚਕਾਰ ਟੱਕਰ ਹੋਈ, ਜਿਸ ਵਿੱਚ ਖੁਰਾਣਾ ਨੇ ਟੰਡਨ ਨੂੰ 16,716 ਦੇ ਵੱਡੇ ਫਰਕ ਨਾਲ ਹਰਾਇਆ। 2007 ਦੀਆਂ ਚੋਣਾਂ ਵਿੱਚ ਰਾਜ ਖੁਰਾਣਾ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿੱਚ ਚਲੇ ਗਏ ਅਤੇ ਕਾਂਗਰਸ ਪਾਰਟੀ ਨੇ ਕਾਂਗਰਸੀ ਨੇਤਾ ਪ੍ਰਨੀਤ ਕੌਰ ਦੇ ਨਜ਼ਦੀਕੀ ਅਤੇ ਹਲਕੇ ਤੋਂ ਬਾਹਰੀ ਵਿਅਕਤੀ ਹਰਦਿਆਲ ਸਿੰਘ ਕੰਬੋਜ ਨੂੰ ਟਿਕਟ ਦੇ ਕੇ ਭੇਜਿਆ। ਇਨ੍ਹਾਂ ਚੋਣ ਨਤੀਜਿਆਂ ਵਿੱਚ ਰਾਜ ਖੁਰਾਣਾ ਨੇ ਹਰਦਿਆਲ ਸਿੰਘ ਕੰਬੋਜ ਨੂੰ 14,184 ਵੋਟਾਂ ਦੇ ਫਰਕ ਨਾਲ ਮਾਤ ਦਿੱਤੀ। 2012 ਦੀਆਂ ਚੋਣਾਂ ਦਰਮਿਆਨ ਇੱਕ ਵਾਰ ਫੇਰ ਸਥਾਨਕ ਉਮੀਦਵਾਰ ਰਾਜ ਖੁਰਾਣਾ (ਭਾਜਪਾ) ਅਤੇ ਹਰਦਿਆਲ ਸਿੰਘ ਕੰਬੋਜ (ਕਾਂਗਰਸ) ਦਾ ਪੇਚ ਫਸਿਆ, ਜਿਸ ਵਿੱਚ ਕੰਬੋਜ 31,510 ਦੇ ਵੱਡੇ ਫਰਕ ਨਾਲ ਜੇਤੂ ਰਹੇ। 2017 ਦੀਆਂ ਚੋਣਾਂ ਵਿੱਚ ਮੁੜ ਤੋਂ ਕਾਂਗਰਸ ਦੇ ਬਾਹਰੀ ਉਮੀਦਵਾਰ ਹਰਦਿਆਲ ਸਿੰਘ ਕੰਬੋਜ ਨੇ ਆਮ ਆਦਮੀ ਪਾਰਟੀ ਦੇ ਲੋਕਲ ਉਮੀਦਵਾਰ ਆਸ਼ੂਤੋਸ਼ ਜੋਸ਼ੀ ਨੂੰ 32,565 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ।
ਮੌਜੂਦਾ ਸਮੇਂ ਵਿਧਾਨ ਸਭਾ ਚੋਣਾਂ ਲਈ ਰਾਜਪੁਰ ਹਲਕੇ ਤੋਂ ਕਾਂਗਰਸ ਵੱਲੋਂ ਹਰਦਿਆਲ ਸਿੰਘ ਕੰਬੋਜ, ਸ਼੍ਰੋਮਣੀ ਅਕਾਲੀ ਦਲ ਵੱਲੋਂ ਚਰਨਜੀਤ ਸਿੰਘ ਬਰਾੜ, ‘ਆਪ’ ਵੱਲੋਂ ਨੀਨਾ ਮਿੱਤਲ ਅਤੇ ਭਾਜਪਾ ਵੱਲੋਂ ਜਗਦੀਸ਼ ਕੁਮਾਰ ਜੱਗਾ ਚੋਣ ਮੈਦਾਨ ਵਿੱਚ ਹਨ। ਇਨ੍ਹਾਂ ਉਮੀਦਵਾਰਾਂ ਵਿੱਚੋਂ ਜਗਦੀਸ਼ ਕੁਮਾਰ ਜੱਗਾ ਨੂੰ ਛੱਡ ਕੇ ਬਾਕੀ ਉਮੀਦਵਾਰਾਂ ਨੇ ਰਾਜਪੁਰਾ ਵਿੱਚ ਆਪਣੀਆਂ ਆਰਜ਼ੀ ਰਿਹਾਇਸ਼ਾਂ ਬਣਾਈਆਂ ਹੋਈਆਂ ਹਨ।