ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਅਪਰੈਲ
ਪੰਜਾਬ ਸਰਕਾਰ ਨੇ ਸਕੂਲਾਂ ਵਿੱਚ ਦਾਖਲੇ ਸਬੰਧੀ ਵਿਦਿਆਰਥੀਆਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਵਾਸਤੇ ਤਬਾਦਲਾ ਸਰਟੀਫਿਕੇਟ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਹੈ। ਬੁਲਾਰੇ ਅਨੁਸਾਰ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਪੁਰਾਣੀਆਂ ਹਦਾਇਤਾਂ ਦੇ ਆਧਾਰ ’ਤੇ ਪਿਛਲੇ ਸਕੂਲ ਤੋਂ ਟਰਾਂਸਫਰ ਸਰਟੀਫਿਕੇਟ ਲੈਣ ਲਈ ਦਬਾਅ ਪਏ ਜਾਣ ਦੇ ਮਾਮਲੇ ਵਿਭਾਗ ਦੇ ਧਿਆਨ ਵਿੱਚ ਆਏ ਹਨ। ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਕੂਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਪੱਤਰ ਜਾਰੀ ਕੀਤਾ ਹੈ। ਪੱਤਰ ਅਨੁਸਾਰ ਪਿਛਲੇ ਸਕੂਲ ਤੋਂ ਤਬਾਦਲਾ ਸਰਕਟੀਫਿਕੇਟ ਪ੍ਰਾਪਤ ਕਰਨ ਸਬੰਧੀ ਡਾਇਰੈਕਟਰ ਆਫ ਪਬਲਿਕ ਇੰਸਟਰਕਸ਼ਨ ਪੰਜਾਬ ਪੱਤਰ ਨੰ.4892 ਆਰ, ਮਿਤੀ 19-3-1929 ਸਮੇਤ ਪਹਿਲੀਆਂ ਸਾਰੀਆਂ ਹਦਾਇਤਾਂ/ਹੁਕਮ ਰੱਦ ਕਰ ਦਿੱਤੇ ਗਏ ਹਨ।