ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਫਰਵਰੀ
ਖੇਡ ਵਿਭਾਗ ਪੰਜਾਬ ਨੇ ਸਾਲ 2020-21 ਤੇ 2021-22 ਦੌਰਾਨ ਤਗ਼ਮੇ ਜਿੱਤਣ ਵਾਲੇ ਪੰਜਾਬ ਦੇ ਖਿਡਾਰੀਆਂ ਅਤੇ ਕੋਚਾਂ ਨੂੰ ਨਗਦ ਇਨਾਮ ਦੇਣ ਲਈ ਬਿਨੈ ਪੱਤਰਾਂ ਦੀ ਮੰਗ ਕੀਤੀ ਹੈ। ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਜਾਰੀ ਬਿਆਨ ਵਿੱਚ ਕਿਹਾ ਕਿ ਸੂਬੇ ਨੂੰ ਖੇਡਾਂ ਵਿੱਚ ਮੁੜ ਮੋਹਰੀ ਬਣਾਉਣ ਲਈ ਜਿੱਥੇ ਨਵੀਂ ਖੇਡ ਨੀਤੀ ਬਣਾਈ ਜਾ ਰਹੀ ਹੈ ਉੱਥੇ ਪਿਛਲੇ ਸਮੇਂ ‘ਚ ਨਗਦ ਇਨਾਮਾਂ ਤੋਂ ਸੱਖਣੇ ਖਿਡਾਰੀਆਂ ਤੇ ਕੋਚਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦੇਣ ਲਈ ਬਿਨੈ ਪੱਤਰ ਮੰਗੇ ਜਾ ਰਹੇ ਹਨ। ਖੇਡ ਮੰਤਰੀ ਨੇ ਦੱਸਿਆ ਕਿ ਪਹਿਲੀ ਅਪਰੈਲ 2020 ਤੋਂ 31 ਮਾਰਚ 2021 ਤੱਕ (2020-21 ਸੈਸ਼ਨ) ਤੇ ਪਹਿਲੀ ਅਪਰੈਲ 2021 ਤੋਂ 31 ਮਾਰਚ 2022 ਤੱਕ (2021-22 ਸੈਸ਼ਨ) ਦੌਰਾਨ ਸੂਬਾਈ, ਕੌਮੀ ਤੇ ਕੌਮਾਂਤਰੀ ਪੱਧਰ ਉੱਤੇ ਤਗ਼ਮੇ ਜਿੱਤਣ ਵਾਲੇ ਪੰਜਾਬ ਦੇ ਖਿਡਾਰੀਆਂ ਅਤੇ ਕੋਚਾਂ ਨੂੰ ਨਗਦ ਇਨਾਮ ਦੇਣ ਲਈ ਬਿਨੈ ਪੱਤਰ ਮੰਗੇ ਹਨ। ਆਖ਼ਰੀ ਤਰੀਕ 6 ਮਾਰਚ 2023 ਹੈ।