ਅਨਿਰੁਧ ਗੁਪਤਾ
ਫਿਰੋਜ਼ਪੁਰ, 30 ਮਈ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ’ਤੇ ਹਮਲਾ ਕਰਨ ਲਈ ਗੈਂਗਸਟਰਾਂ ਵਲੋਂ ਜਿਸ ਸਕਾਰਪੀਓ ਦਾ ਰਜਿਸਟ੍ਰੇਸ਼ਨ ਨੰਬਰ ਵਰਤਿਆ ਗਿਆ ਸੀ, ਉਸ ਦੇ ਮਾਲਕ ਨੇ ਦਾਅਵਾ ਕੀਤਾ ਕਿ ਉਸ ਨੇ ਆਪਣੀ ਆਪਣੀ ਐਸਯੂਵੀ ਓਐਲਐਕਸ ਤੇ ਹੋਰ ਆਨਲਾਈਨ ਪੋਰਟਲ ’ਤੇ ਵਿਕਰੀ ਲਈ ਪਾਈ ਸੀ। ਸ਼ਮਸ਼ੇਰ ਨੇ ਕਿਹਾ ਕਿ ਉਸ ਨੂੰ ਲੱਗਦਾ ਹੈ ਕਿ ਹਮਲਾਵਰਾਂ ਨੇ ਉਸ ਦੇ ਵਾਹਨ ਦੀਆਂ ਤਸਵੀਰਾਂ ਓਐਲਐਕਸ ਜਾਂ ਕਿਸੇ ਹੋਰ ਵਿਕਰੀ ਕਰਨ ਵਾਲੀਆਂ ਸਾਈਟਾਂ ’ਤੇ ਦੇਖੀਆਂ ਹੋਣਗੀਆਂ ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਦਾ ਨੰਬਰ ਵਰਤਿਆ। ਉਸ ਨੇ ਦੱਸਿਆ ਕਿ ਉਸ ਨੇ ਕੁਝ ਮਹੀਨੇ ਪਹਿਲਾਂ ਇਹ ਐਸਯੂਵੀ ਆਨਲਾਈਨ ਪੋਰਟਲ ਜ਼ਰੀਏ ਖਰੀਦੀ ਸੀ। ਉਸ ਨੇ ਦੱਸਿਆ ਕਿ ਇਸ ਗੱਡੀ ਦਾ ਪਹਿਲਾਂ ਦਿੱਲੀ ਦਾ ਰਜਿਸਟਰੇਸ਼ਨ ਨੰਬਰ (ਡੀਐਲ 4 ਸੀ ਐਨਬੀ 8483) ਸੀ, ਜੋ ਬਾਅਦ ਵਿਚ ਉਸ ਨੇ ਆਪਣੇ ਨਾਂ ’ਤੇ ਟਰਾਂਸਫਰ ਕਰਵਾ ਲਿਆ ਅਤੇ ਨਵਾਂ ਰਜਿਸਟਰੇਸ਼ਨ ਨੰਬਰ ਇਸ ਸਾਲ 9 ਮਾਰਚ ਨੂੰ ਜਾਰੀ ਕੀਤਾ ਗਿਆ। ਉਸ ਨੇ ਦੱਸਿਆ ਕਿ ਹੁਣ ਉਸ ਦੀ ਗੱਡੀ ’ਤੇ ਉੱਚ ਸੁਰੱਖਿਆ ਰਜਿਸਟਰੇਸ਼ਨ ਪਲੇਟ ਲਾਈ ਗਈ ਹੈ। ਜਦੋਂ ਉਸ ਨੂੰ ਪਤਾ ਲੱਗਾ ਕਿ ਗੈਂਗਸਟਰਾਂ ਨੇ ਉਸ ਦੇ ਵਾਹਨ ਦੇ ਨੰਬਰ ਦੀ ਵਰਤੋਂ ਕੀਤੀ ਤਾਂ ਉਹ ਸਹਿਮ ਗਿਆ।