ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 1 ਜੂਨ
ਸਮੇਂ ਦੀਆਂ ਸਰਕਾਰਾਂ ਦੇ ਝੂਠੇ ਲਾਰਿਆਂ ਤੋਂ ਅੱਕੇ ਕੱਚੇ ਅਧਿਆਪਕਾਂ ਨੇ ਸੂਬਾ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਪ੍ਰਦਰਸ਼ਨ ਕੀਤਾ। ਕੱਚੇ ਅਧਿਆਪਕ ਯੂਨੀਅਨ ਨੇ ਮੰਗਾਂ ਸਬੰਧੀ ਹੁਕਮਰਾਨਾਂ ਨੂੰ ਰੱਜ ਕੇ ਭੰਡਿਆ। ਪੰਜਾਬ ਭਰ ਵਿੱਚੋਂ ਕੱਚੇ ਅਧਿਆਪਕ ਮੁਹਾਲੀ ਵਿੱਚ ਸਿੱਖਿਆ ਬੋਰਡ ਦੇ ਨੇੜੇ ਇਕੱਠੇ ਹੋਏ। ਇਸ ਦੌਰਾਨ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਲਈ ਚੰਡੀਗੜ੍ਹ ਵੱਲ ਜਾ ਰਹੇ ਕੱਚੇ ਅਧਿਆਪਕਾਂ ਨੂੰ ਪੁਲੀਸ ਨੇ ਵਾਈਪੀਐੱਸ ਚੌਕ ਨੇੜੇ ਬੈਰੀਕੇਡ ਲਾ ਕੇ ਉਨ੍ਹਾਂ ਦਾ ਰਾਹ ਵਿੱਚ ਹੀ ਰੋਕ ਲਿਆ। ਕੱਚੇ ਅਧਿਆਪਕ ਮੁਹਾਲੀ-ਚੰਡੀਗੜ੍ਹ ਮਾਰਗ ’ਤੇ ਧਰਨਾ ਲਗਾ ਕੇ ਬੈਠ ਗਏ।
ਇਸ ਮੌਕੇ ਹਰਪ੍ਰੀਤ ਕੌਰ ਜਲੰਧਰ, ਕਰਮਿੰਦਰ ਸਿੰਘ ਪਟਿਆਲਾ, ਵੀਰਪਾਲ ਕੌਰ ਸਿਧਾਣਾ ਅਤੇ ਜਸਵੰਤ ਸਿੰਘ ਪੰਨੂ ਨੇ ਕਿਹਾ ਕਿ ਉਹ ਪਿਛਲੇ ਡੇਢ ਦੋ ਦਹਾਕੇ ਤੋਂ ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰਦੇ ਆ ਰਹੇ ਹਨ ਅਤੇ ਚੋਣਾਂ ਤੋਂ ਪਹਿਲਾਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਉਨ੍ਹਾਂ ਨਾਲ ਧਰਨੇ ’ਤੇ ਬੈਠ ਕੇ ਭਰੋਸਾ ਦਿੱਤਾ ਸੀ ਕਿ ਪੰਜਾਬ ਵਿੱਚ ‘ਆਪ’ ਸਰਕਾਰ ਆਉਣ ’ਤੇ ਸਾਰੇ ਕੱਚੇ ਅਧਿਆਪਕਾਂ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਿਆਂ ਕੀਤਾ ਜਾਵੇਗਾ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵੀ ਰਵਾਇਤੀ ਪਾਰਟੀਆਂ ਵਾਂਗ ਲਾਰੇ ਲਾ ਰਹੀ ਹੈ। ਬੁਲਾਰਿਆਂ ਨੇ ਕਿਹਾ ਕਿ ਵਾਰ-ਵਾਰ ਅਪੀਲਾਂ ਕਰਨ ਦੇ ਬਾਵਜੂਦ ਮੁੱਖ ਮੰਤਰੀ, ਵਿੱਤ ਮੰਤਰੀ, ਸਿੱਖਿਆ ਮੰਤਰੀ ਪੈਨਲ ਮੀਟਿੰਗ ਦਾ ਸਮਾਂ ਨਹੀਂ ਦੇ ਰਹੇ ਹਨ। ਅਧਿਆਪਕ ਆਗੂ ਕੁਲਵਿੰਦਰ ਸਿੰਘ ਨਰੜੂ, ਮੇਜਰ ਸਿੰਘ ਮਾਨਸਾ, ਰਾਜਬੀਰ ਅੰਮ੍ਰਿਤਸਰ, ਦੀਪਕ ਸੇਠੀ, ਸਤਨਾਮ ਸਿੰਘ ਰੂਪਨਗਰ, ਦਰਸ਼ਨ ਸਿੰਘ ਫਤਹਿਗੜ੍ਹ ਸਾਹਿਬ, ਨਿਸ਼ਾਂਤ ਕਪੂਰਥਲਾ, ਕੁਲਬੀਰ ਸਿੰਘ ਮਲੇਰਕੋਟਲਾ, ਅੰਮ੍ਰਿਤਪਾਲ ਸਿੰਘ ਹੁਸ਼ਿਆਰਪੁਰ ਤੇ ਬਾਜ ਸਿੰਘ ਗੁਰਦਾਸਪੁਰ ਨੇ ਕਿਹਾ ਕਿ ਕੱਚੇ ਅਧਿਆਪਕਾਂ ਨੂੰ ਤੁਰੰਤ ਪੱਕੇ ਕੀਤਾ ਜਾਵੇ।
ਮੁੱਖ ਮੰਤਰੀ ਦੇ ਓਐੱਸਡੀ ਵੱਲੋਂ ਸਿੱਖਿਆ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ
ਮੁੱਖ ਮੰਤਰੀ ਦੇ ਓਐੱਸਡੀ ਨਵਤੇਜ ਸਿੰਘ ਬਰਾੜ ਨੇ ਧਰਨੇ ਵਾਲੀ ਥਾਂ ’ਤੇ ਪਹੁੰਚ ਕੇ ਕੱਚੇ ਅਧਿਆਪਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ 9 ਜੂਨ ਨੂੰ ਸਿੱਖਿਆ ਮੰਤਰੀ ਮੀਤ ਹੇਅਰ ਨਾਲ ਪੈਨਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ। ਉਂਝ ਇਸ ਤੋਂ ਪਹਿਲਾਂ ਡਿਊਟੀ ਮੈਜਿਸਟਰੇਟ ਰਾਜਿੰਦਰ ਕੁਮਾਰ ਦੀ ਅਗਵਾਈ ਹੇਠ ਸਿੱਖਿਆ ਸਕੱਤਰ ਅਤੇ ਮੁਹਾਲੀ ਪ੍ਰਸ਼ਾਸਨ ਵੱਲੋਂ ਸਿੱਖਿਆ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਲਿਖਤੀ ਭਰੋਸਾ ਦਿੱਤਾ ਗਿਆ, ਜਿਸ ਮਗਰੋਂ ਕੱਚੇ ਅਧਿਆਪਕਾਂ ਨੇ ਧਰਨਾ ਖ਼ਤਮ ਕਰਨ ਦਾ ਐਲਾਨ ਕੀਤਾ ਅਤੇ ਨਾਲ ਹੀ ਚਿਤਾਵਨੀ ਵੀ ਦਿੱਤੀ ਕਿ ਜੇਕਰ ਸਿੱਖਿਆ ਮੰਤਰੀ ਨੇ ਮਸਲੇ ਦਾ ਸਥਾਈ ਹੱਲ ਨਾ ਕੀਤਾ ਤਾਂ ਵੱਡੇ ਪੱਧਰ ’ਤੇ ਲੜੀਵਾਰ ਸੰਘਰਸ਼ ਸ਼ੁਰੂ ਕੀਤਾ ਜਾਵੇ।