ਜਗਮੋਹਨ ਸਿੰਘ
ਰੂਪਨਗਰ, 27 ਜੂਨ
ਬਰਸਾਤ ਦੇ ਸੀਜ਼ਨ ’ਚ ਤਿੰਨ ਮਹੀਨੇ ਲਈ ਖਣਨ ਦੀ ਨਿਕਾਸੀ ’ਤੇ ਰੋਕ ਲੱਗਣ ਤੋਂ ਪਹਿਲਾਂ ਰੂਪਨਗਰ ਆਈਆਈਟੀ ਨੇੜੇ ਸਤਲੁਜ ਦਰਿਆ ’ਚ ਸਥਿਤ ਰੈਲ ਬਰਾਮਦ ਖੱਡ ਤੋਂ ਮਿਲਣ ਵਾਲੀ ਖਣਨ ਸਮੱਗਰੀ ਦਾ ਰੇਟ ਰੋਜ਼ਾਨਾ ਦੇ ਹਿਸਾਬ ਨਾਲ ਵਧਣ ਲੱਗਿਆ ਹੈ। ਇਸ ਖੱਡ ਤੋਂ ਖਣਨ ਸਮੱਗਰੀ ਖਰੀਦਣ ਲਈ ਜਾਂਦੇ ਟਿੱਪਰ ਚਾਲਕਾਂ ਤੇ ਕਰੱਸ਼ਰ ਮਾਲਕਾਂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਪਹਿਲਾਂ ਖਣਨ ਠੇਕੇਦਾਰ ਦੇ ਕਾਰਿੰਦਿਆਂ ਵੱਲੋਂ 5.50 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਖਣਨ ਸਮੱਗਰੀ ਦਿੱਤੀ ਜਾਂਦੀ ਸੀ, ਜਿਸ ’ਤੇ ਜੀਐੱਸਟੀ ਦਾ ਖਰਚਾ ਵੱਖਰਾ ਲੱਗਦਾ ਸੀ ਤੇ ਇਹ ਕੁੱਲ ਮਿਲਾ ਕੇ 6 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਮਿਲ ਜਾਂਦੀ ਸੀ ਪਰ ਹੁਣ ਖਣਨ ਠੇਕੇਦਾਰ ਵੱਲੋਂ ਮਰਜ਼ੀ ਨਾਲ ਪਿਛਲੇ ਕਈ ਦਿਨਾਂ ਤੋਂ ਖਣਨ ਸਮੱਗਰੀ ਦੇ ਰੇਟਾਂ ’ਚ ਕਥਿਤ ਰੋਜ਼ਾਨਾ 50 ਪੈਸੇ ਦਾ ਪ੍ਰਤੀ ਫੁੱਟ ਵਾਧਾ ਕੀਤਾ ਜਾ ਰਿਹਾ ਹੈ, ਜੋ ਹੁਣ ਪ੍ਰਤੀ ਫੁੱਟ 9 ਰੁਪਏ ਤੱਕ ਪੁੱਜ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਠੇਕੇਦਾਰ ਦੇ ਕਾਰਿੰਦਿਆਂ ਵੱਲੋਂ ਸਵੇਰ ਸਮੇਂ ਹੀ ਪਰਚੀ ਦਿੱਤੀ ਜਾਂਦੀ ਹੈ ਤੇ ਸਾਰਾ ਦਿਨ ਉਸੇ ਪਰਚੀ ’ਤੇ ਚੱਕਰ ਲਾਉਣ ਲਈ ਕਿਹਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਖਣਨ ਪਿਛਲੇ ਕੁਝ ਦਿਨਾਂ ਤੋਂ ਜ਼ਿਆਦਾਤਰ ਵਾਹਨਾਂ ਨੂੰ ਕੰਡੇ ਨਾਲ ਤੋਲਣ ਦੀ ਬਜਾਏ ਫੀਤੇ ਨਾਲ ਪੈਮਾਇਸ਼ ਕਰ ਕੇ ਭੇਜ ਦਿੱਤਾ ਜਾਂਦਾ ਹੈ। ਜਦੋਂ ਇਸ ਸਬੰਧੀ ਪੱਖ ਜਾਨਣ ਲਈ ਠੇਕੇਦਾਰ ਪੰਕਜ ਮਹਾਂਦੇਵ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੇ ਦੋਵੇਂ ਮੋਬਾਈਲ ਨੰਬਰ ਵਾਰ ਵਾਰ ਫੋਨ ਕਰਨ ’ਤੇ ਸਵਿੱਚ ਆਫ ਆਉਂਦੇ ਰਹੇ। ਜਲ ਸਰੋਤ ਵਿਭਾਗ ਦੇ ਐਕਸੀਅਨ ਗੁਰਤੇਜ ਸਿੰਘ ਗਰਚਾ ਨੇ ਫੋਨ ਸੁਣਨਾ ਮੁਨਾਸਬਿ ਨਹੀਂ ਸਮਝਿਆ।
ਜਲ ਸਰੋਤ ਵਿਭਾਗ ਦੇ ਜੇਈ ਕਮ ਖਣਨ ਇੰਸਪੈਕਟਰ ਵੱਲੋਂ ਦੋਸ਼ ਰੱਦ
ਜਲ ਸਰੋਤ ਵਿਭਾਗ ਦੇ ਜੇਈ ਕਮ ਖਣਨ ਇੰਸਪੈਕਟਰ ਰਵਿੰਦਰ ਸਿੰਘ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਸ ਡੀ-ਸਿਲਟਿੰਗ ਸਾਈਟ ਦਾ ਕੰਮ ਵਿਭਾਗੀ ਅਧਿਕਾਰੀਆਂ ਦੀ ਨਿਗਰਾਨੀ ਹੇਠ ਚੱਲ ਰਿਹਾ ਹੈ ਤੇ ਕੋਈ ਵਾਧੂ ਵਸੂਲੀ ਨਹੀਂ ਕੀਤੀ ਜਾਂਦੀ ਅਤੇ ਹਰ ਇੱਕ ਨੂੰ ਵਸੂਲੀ ਰਕਮ ਦੀ ਪਰਚੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਹਾਲੇ ਤੱਕ ਅਜਿਹੀ ਕੋਈ ਲਿਖਤੀ ਸ਼ਿਕਾਇਤ ਨਹੀਂ ਪੁੱਜੀ ਤੇ ਸ਼ਿਕਾਇਤ ਮਿਲਣ ’ਤੇ ਜਾਂਚ ਦੌਰਾਨ ਸਹੀ ਪਾਏ ਜਾਣ ਉਪਰੰਤ ਸਬੰਧਤ ਠੇਕੇਦਾਰ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਰੂਪਨਗਰ ਜ਼ਿਲ੍ਹੇ ਵਿੱਚ 150 ਤੋਂ ਜ਼ਿਆਦਾ ਕਰੱਸ਼ਰ ਚਾਲੂ ਹਾਲਤ ’ਚ ਹਨ ਤੇ ਖਣਨ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਸਬੰਧਤ ਇਸ ਜ਼ਿਲ੍ਹੇ ਵਿੱਚ ਮੰਨਜ਼ੂਰਸੁ਼ਦਾ ਖੱਡਾਂ ਡੀ-ਸਿਲਟਿੰਗ ਸਾਈਟਾਂ ਦੀ ਘਾਟ ਕਾਰਨ ਕਰੱਸ਼ਰ ਮਾਲਕਾਂ ਨੂੰ ਖਣਨ ਸਮੱਗਰੀ ਲੈਣ ਲਈ ਰੈਲ ਬਰਾਮਦ ਖੱਡ ’ਤੇ ਜਾਣਾ ਪੈਂਦਾ ਹੈ।