ਜੈਸਮੀਨ ਭਾਰਦਵਾਜ
ਨਾਭਾ, 9 ਮਾਰਚ
ਸਥਾਨਕ ਪੁਲੀਸ ਵੱਲੋਂ ਅਤਿ ਸੁਰੱਖਿਅਤ ਜੇਲ੍ਹ ਵਿਚ ਬੰਦ ਗੈਂਗਸਟਰ ਰਾਜੀਵ ਕੁਮਾਰ ਉਰਫ਼ ਰਾਜਾ ਖ਼ਿਲਾਫ਼ ਜੇਲ੍ਹ ਵਿੱਚੋਂ ਮੋਬਾਈਲ ਰਾਹੀਂ ਫਿਰੌਤੀ ਮੰਗਣ ਅਤੇ ਜਾਅਲੀ ਕਾਗਜ਼ ਤਿਆਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਇਸ ਕਾਰਨ ਇੱਕ ਵਾਰ ਫਿਰ ਜੇਲ੍ਹ ਪ੍ਰਸ਼ਾਸਨ ਸਵਾਲਾਂ ਦੇ ਘੇਰੇ ਵਿਚ ਆ ਗਿਆ ਹੈ। ਖੁਫ਼ੀਆ ਜਾਣਕਾਰੀ ਮਿਲਣ ’ਤੇ ਐੱਸਐੱਸਪੀ ਪਟਿਆਲਾ ਦਫ਼ਤਰ ਦੇ ਆਦੇਸ਼ ’ਤੇ ਨਾਭਾ ਸਦਰ ਥਾਣਾ ਮੁਖੀ ਸੁਖਦੇਵ ਸਿੰਘ ਨੇ ਜਦੋਂ ਐਤਵਾਰ ਰਾਤ 11.30 ਵਜੇ ਅਚਨਚੇਤ ਜਾ ਕੇ ਜੇਲ੍ਹ ਵਿਚ ਰਾਜੀਵ ਰਾਜਾ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਕਥਿਤ ਮੋਬਾਈਲ, ਸਿਮ ਅਤੇ ਇੰਟਰਨੈੱਟ ਡੋਂਗਲ ਬਰਾਮਦ ਹੋਏ। ਕਰੋਨਾ ਤਾਲਾਬੰਦੀ ਦੌਰਾਨ ਮਈ 2020 ਵਿਚ ਵੀ ਰਾਜੀਵ ਰਾਜਾ ਕੋਲੋਂ ਮੋਬਾਈਲ ਬਰਾਮਦ ਹੋਇਆ ਸੀ। ਜ਼ਿਕਰਯੋਗ ਹੈ ਕਿ ਲੁਧਿਆਣਾ ਪੁਲੀਸ ਨੇ ਕੁੱਝ ਸਮਾਂ ਪਹਿਲਾਂ ਰਾਜੀਵ ਉੱਪਰ ਵੱਟਸਐਪ ਰਾਹੀਂ ਜੇਲ੍ਹ ਵਿੱਚੋਂ ਕੰਮ ਕਰਨ ਦੇ ਦੋਸ਼ ਲਗਾਏ ਸਨ। ਰਾਜੀਵ ਅਤੇ ਉਸ ਦਾ ਗੈਂਗ 2006 ਵਿਚ ਲੁਧਿਆਣਾ ਦੇ ਸੁਨਿਆਰੇ ਅਤੇ ਉਸ ਦੀ ਪਤਨੀ ਦਾ ਕਤਲ ਕਰਕੇ ਸੋਨਾ ਲੈ ਕੇ ਫ਼ਰਾਰ ਹੋ ਗਏ ਸਨ ਅਤੇ ਇਸੇ ਜੁਰਮ ਵਿਚ ਉਹ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਤਾਜ਼ਾ ਐੱਫਆਈਆਰ ਮੁਤਾਬਕ ਰਾਜੀਵ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਜਾਅਲੀ ਆਈਡੀ ਅਤੇ ਦਸਤਾਵੇਜ਼ ਬਣਾ ਕੇ ਸਿਮ ਹਾਸਲ ਕੀਤਾ ਅਤੇ ਉਹ ਜੇਲ੍ਹ ਵਿੱਚੋ ਕਾਰੋਬਾਰੀਆਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਕੇ ਫਿਰੌਤੀ ਮੰਗਦਾ ਸੀ। ਨਾਭਾ ਦੇ ਡੀਐੱਸਪੀ ਰਾਜੇਸ਼ ਛਿੱਬਰ ਨੇ ਦੱਸਿਆ ਕਿ ਰਾਜਾ ਖ਼ਿਲਾਫ਼ ਫਿਰੌਤੀ, ਧੋਖਾਧੜੀ, ਧਮਕੀਆਂ ਦੇਣ ਸਬੰਧੀ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਹੈ ਅਤੇ ਉਸ ਨੂੰ ਹੁਣ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ।