ਟ੍ਰਿਬਿਊਨ ਨਿਊਜ਼ ਸਰਵਿਸ/ਪੱਤਰ ਪ੍ਰੇਰਕ
ਚੰਡੀਗੜ੍ਹ/ਟੋਹਾਣਾ, 16 ਜੁਲਾਈ
ਹਰਿਆਣਾ ਦੇ ਜ਼ਿਲ੍ਹਾ ਹਿਸਾਰ ਦੇ ਬਰਵਾਲਾ ਵਿੱਚ ਪੈਂਦੇ ਰਾਜੀਵ ਗਾਂਧੀ ਥਰਮਲ ਪਲਾਂਟ ਖੇਦੜ ਵੱਲ ਜਾਂਦੀ ਰੇਲ ਪਟੜੀ ਨੂੰ ਕੁਝ ਸ਼ਰਾਰਤੀ ਅਨਸਰਾਂ ਨੇ ਉਖਾੜ ਦਿੱਤਾ ਹੈ। ਰੇਲ ਪਟੜੀ ਨੇੜੇ ਇੱਕ ਖੰਭੇ ’ਤੇ ਲੱਗਿਆ ਪੀਲੇ ਰੰਗ ਦਾ ਝੰਡਾ ਵੀ ਬਰਾਮਦ ਹੋਇਆ ਹੈ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਹਿਸਾਰ ਦੇ ਐੱਸਪੀ ਲੋਕੇਂਦਰ ਸਿੰਘ ਅਤੇ ਡੀਐੱਸਪੀ ਕਪਤਾਨ ਸਿੰਘ ਨੇ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮਾਂ ਨਾਲ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਵੀਡੀਓ ਜਾਰੀ ਕਰਕੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜੀਵ ਗਾਂਧੀ ਥਰਮਲ ਪਲਾਂਟ ਖੇਦੜ ਵਿੱਚ ਕੋਲਾ ਸਪਲਾਈ ਕਰਨ ਲਈ ਬਣਾਏ ਗਏ ਰੇਲਵੇ ਟਰੈਕ ਨੂੰ ਲੰਘੀ ਰਾਤ ਕੁਝ ਸ਼ਰਾਰਤੀ ਅਨਸਰਾਂ ਨੇ ਉਖਾੜ ਦਿੱਤਾ ਹੈ। ਮੁਲਜ਼ਮਾਂ ਨੇ ਦੋ ਕਿਲੋਮੀਟਰ ਤੱਕ ਰੇਲ ਪਟੜੀ ਤੋਂ 64 ਕਲਿੱਪਾਂ ਕੱਢ ਦਿੱਤੀਆਂ, ਜਿਨ੍ਹਾਂ ਵਿੱਚੋਂ ਕੁਝ ਕਲਿੱਪ ਪਟੜੀ ਦੇ ਨੇੜੇ ਹੀ ਸੁੱਟ ਦਿੱਤੀਆਂ ਗਈਆਂ ਜਦਕਿ ਬਹੁਤੀਆਂ ਲਾਪਤਾ ਹਨ।
ਪੁਲੀਸ ਨੇ ਪਹਿਲਾਂ ਵਾਰਦਾਤ ਨੂੰ ਅੰਜਾਮ ਦੇਣ ਲਈ ਕਿਸਾਨਾਂ ’ਤੇ ਸ਼ੱਕ ਕੀਤਾ ਪਰ ਮਗਰੋਂ ਸਿੱਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਵੱਲੋਂ ਵੀਡੀਓ ਜਾਰੀ ਕਰਕੇ ਘਟਨਾ ਦੀ ਜ਼ਿੰਮੇਵਾਰੀ ਲੈਣ ਮਗਰੋਂ ਮਾਮਲਾ ਸਾਫ਼ ਹੋ ਗਿਆ। ਵੀਡੀਓ ਵਿੱਚ ਪੰਨੂ ਨੇ ਕਿਹਾ ਹੈ ਕਿ 15 ਅਗਸਤ ਤੋਂ ਪਹਿਲਾਂ ਭਾਰਤ ਵਿੱਚ ਚੱਲ ਰਹੇ ਸਾਰੇ ਕੋਲਾ ਥਰਮਲ ਪਲਾਂਟ ਬੰਦ ਕਰ ਦਿੱਤੇ ਜਾਣਗੇ।
ਡੀਐੱਸਪੀ ਕਪਤਾਨ ਸਿੰਘ ਨੇ ਦੱਸਿਆ ਕਿ ਮਾਮਲੇ ਸਬੰਧੀ ਥਾਣਾ ਹਿਸਾਰ ਸਾਈਬਰ ਕਰਾਈਮ ਦੀ ਪੁਲੀਸ ਨੇ ਗੁਰਪਤਵੰਤ ਸਿੰਘ ਪੰਨੂ ਅਤੇ ਹੋਰਨਾਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਵਾਰਦਾਤ ਵਾਲੀ ਜਗ੍ਹਾ ਨੇੜਿਓਂ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ। ਇਸੇ ਦੌਰਾਨ ਕਿਸਾਨ ਆਗੂ ਰਵੀ ਆਜ਼ਾਦ ਨੇ ਕਿਹਾ ਕਿ ਰਾਜੀਵ ਗਾਂਧੀ ਥਰਮਲ ਪਲਾਂਟ ਖੇਦੜ ਨੇੜੇ ਰੇਲ ਪਟੜੀ ਉਖਾੜਨ ਦੀ ਘਟਨਾ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ।
ਕਿਸਾਨ ਧਰਮਪਾਲ ਦਾ ਸਸਕਾਰ ਕੀਤਾ
ਖੇਦੜ ਥਰਮਲ ਪਲਾਂਟ ਅੱਗੇ ਪੁਲੀਸ ਲਾਠੀਚਾਰਜ ਦੌਰਾਨ ਕਥਿਤ ਤੌਰ ’ਤੇ ਮਾਰੇ ਗਏ ਕਿਸਾਨ ਧਰਮਪਾਲ ਦਾ ਸਬੰਧਤ ਮੰਗਾਂ ਮੰਨੇ ਜਾਣ ਮਗਰੋਂ ਨੌਂ ਦਿਨਾਂ ਬਾਅਦ ਖੇਦੜ ਗਊਸ਼ਾਲਾ ਵਿੱਚ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਪ੍ਰਸ਼ਾਸਨ ਨੇ ਖੇਦੜ ਗਊਸ਼ਾਲਾ ਨੂੰ ਥਰਮਲ ਪਲਾਂਟ ਦੀ ਰਾਖ 23 ਰੁਪਏ ਪ੍ਰਤੀ ਟਨ ਦੇਣ ਅਤੇ ਧਰਮਪਾਲ ਦੇ ਪੁੱਤ ਨੂੰ ਡੀਸੀ ਰੇਟ ’ਤੇ ਨੌਕਰੀ ਦੇਣ ਦਾ ਭਰੋਸਾ ਦਿੱਤਾ ਹੈ। ਇਸ ਤੋਂ ਇਲਾਵਾ ਪੁਲੀਸ ਨੇ ਧਾਰਾ 302 ਅਤੇ 307 ਤਹਿਤ ਦਰਜ ਹੋਏ ਕੇਸ ਰੱਦ ਕਰਨ ਸਮੇਤ ਹੋਰ ਮੰਗਾਂ ਮੰਨਣ ਦਾ ਵੀ ਭਰੋਸਾ ਦਿੱਤਾ ਹੈ। ਕਿਸਾਨ ਆਗੂ ਰਵੀ ਆਜ਼ਾਦ ਨੇ ਦੱਸਿਆ ਕਿ 7 ਅਗਸਤ ਨੂੰ ਕਿਸਾਨ ਧਰਮਪਾਲ ਨਮਿਤ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ ਹੈ, ਜੇਕਰ ਉਦੋਂ ਤੱਕ ਸਰਕਾਰ ਨੇ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਮੁੜ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।