ਗਗਨ ਅਰੋੜਾ/ਜੋਗਿੰਦਰ ਸਿੰਘ ਮਾਨ
ਲੁਧਿਆਣਾ/ਮਾਨਸਾ, 1 ਜੂਨ
ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ’ਤੇ ਹਮਲੇ ਦੌਰਾਨ ਜ਼ਖ਼ਮੀ ਹੋਏ ਪਿੰਡ ਮੂਸਾ ਦੇ ਦੋ ਨੌਜਵਾਨ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਦਾ ਇਲਾਜ ਪੰਜਾਬ ਸਰਕਾਰ ਨੇ ਆਪਣੇ ਖਰਚੇ ’ਤੇ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਇਹ ਜਾਣਕਾਰੀ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਅੱਜ ਦੋਵੇਂ ਨੌਜਵਾਨਾਂ ਦਾ ਡੀਐੱਮਸੀ ਲੁਧਿਆਣਾ ਵਿੱਚ ਹਾਲ-ਚਾਲ ਪੁੱਛਣ ਮਗਰੋਂ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦਿੱਤੀ।
ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਜ਼ਖ਼ਮੀ ਨੌਜਵਾਨਾਂ ਦੀ ਸਿਹਤ ਸਬੰਧੀ ਸਾਰੀ ਸਥਿਤੀ ਸਾਂਝੀ ਕੀਤੀ ਗਈ ਹੈ, ਜਿਸ ਮਗਰੋਂ ਮੁੱਖ ਮੰਤਰੀ ਨੇ ਉਨ੍ਹਾਂ ਦਾ ਇਲਾਜ ਬਕਾਇਦਾ ਪੰਜਾਬ ਸਰਕਾਰ ਵੱਲੋਂ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਨੂੰ ਆਦੇਸ਼ ਦੇ ਦਿੱਤੇ ਗਏ ਹਨ। ਉਨ੍ਹਾਂ ਜਖ਼ਮੀ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟਾਈ। ਵਿਧਾਇਕ ਨੇ ਕਿਹਾ ਕਿ ਜ਼ਖ਼ਮੀ ਨੌਜਵਾਨਾਂ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ ਅਤੇ ਉਹ ਛੇਤੀ ਠੀਕ ਹੋ ਕੇ ਪਿੰਡ ਮੂਸਾ ਆਉਣ ਦੀ ਕਾਮਨਾ ਕਰ ਰਹੇ ਹਨ। ਉਨ੍ਹਾਂ ਮੰਨਿਆ ਕਿ ਨੌਜਵਾਨਾਂ ਦੇ ਮਨਾਂ ਵਿੱਚ ਇਸ ਹਮਲੇ ਕਾਰਨ ਭਾਰੀ ਗੁੱਸਾ ਹੈ ਅਤੇ ਉਹ ਜ਼ੇਰੇ ਇਲਾਜ ਹੋਣ ਦੇ ਬਾਵਜੂਦ ਹੌਸਲੇ ਵਿੱਚ ਹਨ। ਉਨ੍ਹਾਂ ਕਿਹਾ ਕਿ ਦੋਵੇਂ ਨੌਜਵਾਨਾਂ ਬਾਰੇ ਡੀਐੱਮਸੀ ਦੇ ਪ੍ਰਬੰਧਕਾਂ ਨਾਲ ਇਲਾਜ ਸਬੰਧੀ ਗੱਲਬਾਤ ਹੋਈ ਹੈ ਅਤੇ ਉਨ੍ਹਾਂ ਸਿਹਤ ਪੱਖੋਂ ਛੇਤੀ ਤੰਦਰੁਸਤ ਹੋਣ ਦਾ ਦਾਅਵਾ ਕੀਤਾ ਹੈ।
ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿੱਧੂ ਮੂਸੇਵਾਲਾ ਦੇ ਪਿਤਾ ਨਾਲ ਫੋਨ ਰਾਹੀਂ ਗੱਲਬਾਤ ਹੋਈ ਹੈ ਅਤੇ ਉਹ ਵਿਧਾਇਕ ਅਤੇ ਪਰਿਵਾਰ ਦੇ ਨੇੜੇ ਹੋਣ ਦੇ ਨਾਲ-ਨਾਲ ਪੰਜਾਬ ਸਰਕਾਰ ਵੱਲੋਂ ਵੀ ਉਨ੍ਹਾਂ ਘਰ ਪਿਛਲੇ ਲਗਾਤਾਰ ਦੋ ਦਿਨਾਂ ਤੋਂ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਪਰਿਵਾਰ ਨੂੰ ਸਿੱਧੂ ਮੂਸੇਵਾਲਾ ਦੇ ਕਾਤਲ ਨੂੰ ਜਲਦੀ ਹੀ ਸਲਾਖਾਂ ਪਿੱਛੇ ਡੱਕਿਆ ਜਾਵੇਗਾ ਅਤੇ ਉਹ ਜੋ ਮਰਜ਼ੀ ਹੋਣ ਕਿਸੇ ਤਰ੍ਹਾਂ ਦੀ ਕੋਈ ਲਿਹਾਜ਼ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਦੇ ਆਗੂ ਹੁਣ ਸਿੱਧੂ ਮੂਸੇਵਾਲਾ ਦਾ ਨਾਮ ਵਰਤ ਕੇ ਰਾਜਨੀਤੀ ਕਰ ਰਹੇ ਹਨ, ਜੋ ਠੀਕ ਨਹੀਂ ਹੈ।
ਸਮਰਥਕਾਂ ਦੀ ਗੱਡੀ ਸਮਝ ਕੇ ਸਿੱਧੂ ਮੂਸੇਵਾਲਾ ਨੇ ਰੋਕੀ ਸੀ ਥਾਰ
ਲੁਧਿਆਣਾ: ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਸਾਥੀਆਂ ਨੇ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਸ ਦਿਨ ਥਾਰ ਵਿੱਚ ਸਵਾਰ ਉਹ ਤਿੰਨੋਂ ਗੱਲਾਂ ਕਰਦੇ ਜਾ ਰਹੇ ਸੀ। ਜਵਾਹਰਕੇ ਵਿੱਚ ਮੋੜ ਕਾਰਨ ਉਨ੍ਹਾਂ ਗੱਡੀ ਹੌਲੀ ਕੀਤੀ ਤਾਂ ਪਿੱਛਿਓਂ ਇੱਕ ਚਾਲਕ ਨੇ ਓਟਰਟੇਕ ਕਰਕੇ ਗੱਡੀ ਉਨ੍ਹਾਂ ਅੱਗੇ ਲਿਆ ਕੇ ਖੜ੍ਹੀ ਕਰ ਦਿੱਤੀ। ਸਾਰਿਆਂ ਨੇ ਸੋਚਿਆ ਕਿ ਇਹ ਕੋਈ ਸਿੱਧੂ ਮੂਸੇਵਾਲਾ ਦਾ ਪ੍ਰਸ਼ੰਸਕ ਹੈ ਕਿਉਂਕਿ ਗਾਇਕ ਅਕਸਰ ਆਪਣੇ ਚਾਹਵਾਨਾਂ ਨਾਲ ਫੋਟੋ ਕਰਵਾਉਂਦਾ ਸੀ। ਜਦੋਂ ਸਿੱਧੂ ਨੇ ਗੱਡੀ ਹੌਲੀ ਕੀਤੀ ਤਾਂ ਪਿੱਛਿਓਂ ਇੱਕ ਹੋਰ ਗੱਡੀ ਵਿੱਚ ਸਵਾਰ ਹਮਲਾਵਰਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕਦਮ ਅੰਨ੍ਹੇਵਾਹ ਗੋਲੀਆਂ ਚੱਲਣ ’ਤੇ ਸਿੱਧੂ ਮੂਸੇਵਾਲਾ ਨੇ ਵੀ ਮੁਕਾਬਲਾ ਕਰਦਿਆਂ ਗੋਲੀਆਂ ਚਲਾਈਆਂ ਪਰ ਮੁਲਜ਼ਮਾਂ ਕੋਲ ਵੱਡੀ ਗਿਣਤੀ ਵਿੱਚ ਹਥਿਆਰ ਸਨ ਅਤੇ ਹਮਲਾਵਰਾਂ ਦੀ ਗਿਣਤੀ ਵੀ ਵਧੇਰੇ ਸੀ। ਜ਼ਖ਼ਮੀ ਸਾਥੀਆਂ ਨੇ ਵਿਧਾਇਕ ਨੂੰ ਦੱਸਿਆ ਕਿ ਮੁਲਜ਼ਮ ਹਮਲਾ ਕਰਨ ਮਗਰੋਂ ਮੌਕੇ ਤੋਂ ਫ਼ਰਾਰ ਹੋ ਗਏ। ਵਿਧਾਇਕ ਬਣਾਂਵਾਲੀ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਮੌਤ ਨਾਲ ਪੰਜਾਬੀ ਸੰਗੀਤ ਅਤੇ ਫਿਲਮ ਇੰਡਸਟਰੀ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਸੂੁਬਾ ਸਰਕਾਰ ਲਗਾਤਾਰ ਤਿੰਨਾਂ ਪਰਿਵਾਰਾਂ ਦੇ ਸੰਪਰਕ ਵਿੱਚ ਹੈ। ਵਿਧਾਇਕ ਨੇ ਕਿਹਾ ਕਿ ਮੁਲਜ਼ਮਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਵਿਰੋਧੀ ਧਿਰਾਂ ਨੂੰ ਵੀ ਇਸ ਮੁੱਦੇ ’ਤੇ ਸਿਆਸਤ ਨਾ ਕਰਨ ਦੀ ਅਪੀਲ ਕੀਤੀ। ਇਸ ਤੋਂ ਪਹਿਲਾਂ ਮਾਨਸਾ ਤੋਂ ਆਈ ਪੁਲੀਸ ਟੀਮ ਨੇ ਜ਼ਖ਼ਮੀਆਂ ਦੇ ਬਿਆਨ ਦਰਜ ਕੀਤੇ।