ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 4 ਸਤੰਬਰ
ਪੰਜਾਬ ਸਰਕਾਰ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਮਿਲੀ ਅਗਾਊਂ ਜ਼ਮਾਨਤ ਰੱਦ ਕਰਵਾਉਣ ਲਈ ਹਾਈ ਕੋਰਟ ਦਾ ਬੂਹਾ ਖੜਕਾਇਆ ਗਿਆ ਹੈ। ਸਪੈਸ਼ਲ ਪਬਲਿਕ ਪ੍ਰਾਸੀਕਿਊਟਰ ਸਰਤੇਜ ਸਿੰਘ ਨਰੂਲਾ ਰਾਹੀਂ ਦਾਇਰ ਕੀਤੀ ਪਟੀਸ਼ਨ ਵਿੱਚ ਸਾਬਕਾ ਡੀਜੀਪੀ ’ਤੇ ਅਦਾਲਤ ਦੇ ਹੁਕਮਾਂ ਦੀ ਸਹੀ ਤਰੀਕੇ ਨਾਲ ਪਾਲਣਾ ਨਾ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਵਿਜੀਲੈਂਸ ਬਿਊਰੋ ਵੱਲੋਂ ਸੁਮੇਧ ਸੈਣੀ ਖ਼ਿਲਾਫ਼ ਆਮਦਨ ਵਸੀਲਿਆਂ ਤੋਂ ਵੱਧ ਸੰਪਤੀ ਬਣਾਉਣ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਨੂੰ ਅਮੀਰ ਬਣਾਉਣ ਤੇ ਦੋਵਾਂ ਦੇ ਖਾਤਿਆਂ ਵਿੱਚ ਕਰੋੜਾਂ ਰੁਪਏ ਦੇ ਲੈਣ ਦੇਣ ਦੀ ਗੱਲ ਕਹੀ ਗਈ ਹੈ।
ਸਰਕਾਰ ਨੇ ਅਦਾਲਤ ਦੇ ਧਿਆਨ ਵਿੱਚ ਲਿਆਂਦਾ ਕਿ ਬੀਤੀ 12 ਅਗਸਤ ਨੂੰ ਸੁਮੇਧ ਸੈਣੀ ਦੀ ਅਗਾਊਂ ਜ਼ਮਾਨਤ ਮਨਜ਼ੂਰ ਕਰਦਿਆਂ ਉਸ ਨੂੰ 7 ਦਿਨਾਂ ਦੇ ਅੰਦਰ-ਅੰਦਰ ਵਿਜੀਲੈਂਸ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ, ਪ੍ਰੰਤੂ ਸਾਬਕਾ ਡੀਜੀਪੀ ਨੇ 7 ਦਿਨਾਂ ਦੀ ਮਿਆਦ ਦੇ ਆਖਰੀ ਦਿਨ ਦੇਰ ਰਾਤ ਵਿਜੀਲੈਂਸ ਬਿਊਰੋ ਦੇ ਮੁਹਾਲੀ ਸਥਿਤ ਮੁੱਖ ਦਫ਼ਤਰ ਵਿੱਚ ਪਹੁੰਚੇ ਸਨ, ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਸੈਣੀ ਅਦਾਲਤ ਦੇ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕਰਨ ਵਿੱਚ ਅਸਫ਼ਲ ਰਹੇ ਹਨ। ਕੰਮ-ਕਾਜ ਸ਼ਾਮ 5 ਵਜੇ ਤੱਕ ਹੁੰਦਾ ਹੈ ਜਦੋਂਕਿ ਸੈਣੀ ਰਾਤ ਨੂੰ 8 ਵਜੇ ਜਾਂਚ ਵਿੱਚ ਸ਼ਾਮਲ ਹੋਣ ਆਏ ਸਨ। ਇਸ ਤੋਂ ਇਲਾਵਾ ਉਹ ਬਿਊਰੋ ਦੇ ਦਫ਼ਤਰ ਵਿੱਚ ਤਫ਼ਤੀਸ਼ੀ ਅਫ਼ਸਰ ਨੂੰ ਅਗਾਊਂ ਜਾਣਕਾਰੀ ਦਿੱਤੇ ਬਿਨਾਂ ਪਹੁੰਚੇ ਸੀ।
ਸਰਕਾਰੀ ਵਕੀਲ ਨੇ ਦੱਸਿਆ ਕਿ ਸੈਣੀ ਉਸ ਰਾਤ ਬੇਪਛਾਣ ਹੋ ਕੇ ਆਪਣੇ ਵਕੀਲਾਂ ਨਾਲ ਵਿਜੀਲੈਂਸ ਦਫ਼ਤਰ ਆਏ ਸਨ। ਉਨ੍ਹਾਂ ਨੇ ਆਪਣੀ ਦਾੜੀ ਵਧਾਈ ਹੋਈ ਸੀ ਅਤੇ ਮੂੰਹ ’ਤੇ ਮਾਸਕ ਪਾਇਆ ਹੋਇਆ ਸੀ। ਉਸ ਸਮੇਂ ਕੋਈ ਸੀਨੀਅਰ ਅਧਿਕਾਰੀ ਵੀ ਦਫ਼ਤਰ ’ਚ ਨਹੀਂ ਸੀ ਅਤੇ ਕੌਰੀਡੋਰ ਵਿੱਚ ਟਹਿਲਦੇ ਸਮੇਂ ਉਹ ਸਕਿਉਰਿਟੀ ਗਾਰਡ ਨੂੰ ਮਿਲੇ ਅਤੇ ਉੱਥੇ ਤਾਇਨਾਤ ਹੋਮ ਗਾਰਡ ਨੂੰ ਦਸਤਾਵੇਜ਼ ਰਸੀਵ ਕਰਨ ਲਈ ਆਖਿਆ ਪਰ ਕਰਮਚਾਰੀ ਨੇ ਸਾਫ਼ ਮਨ੍ਹਾਂ ਕਰ ਦਿੱਤਾ। ਇਸ ਮਗਰੋਂ ਉਹ ਵਾਪਸ ਚਲੇ ਗਏ। ਕੁਝ ਕੁ ਮਿੰਟਾਂ ਬਾਅਦ ਉਹ ਦੁਬਾਰਾ ਵਿਜੀਲੈਂਸ ਦਫ਼ਤਰ ਅੰਦਰ ਆਏ ਤੇ ਦੋ ਕਰਮਚਾਰੀਆਂ ਨਾਲ ਫੋਟੋ ਖਿਚਵਾਈ। ਉਸ ਨੇ ਮੁਨਸ਼ੀ ਅਤੇ ਸੰਤਰੀ ਨਾਲ ਵੀ ਗੱਲ ਕੀਤੀ। ਹਾਲਾਂਕਿ ਉਸ ਰਾਤ ਦੂਜੇ ਪਾਸੇ ਸੈਣੀ ਦੀ ਗ੍ਰਿਫ਼ਤਾਰੀ ਪਾਈ ਗਈ ਪ੍ਰੰਤੂ ਉੱਚ ਅਦਾਲਤ ਦੇ ਹੁਕਮਾਂ ’ਤੇ ਅਗਲੇ ਦਿਨ ਉਸ ਨੂੰ ਰਿਹਾਅ ਕੀਤਾ ਗਿਆ।
ਸਰਕਾਰੀ ਵਕੀਲ ਨੇ ਦੱਸਿਆ ਕਿ ਵਿਜੀਲੈਂਸ ਨੇ ਬੀਤੀ 27 ਅਗਸਤ ਨੂੰ ਅਦਾਲਤ ਦੇ ਹੁਕਮਾਂ ਤਹਿਤ ਸੈਣੀ ਨੂੰ ਸੰਮਨ ਭੇਜ ਕੇ ਦੁਬਾਰਾ ਜਾਂਚ ਵਿੱਚ ਸ਼ਾਮਲ ਹੋਣ ਲਈ ਤਲਬ ਕੀਤਾ। ਲੇਕਿਨ ਸਾਬਕਾ ਡੀਜੀਪੀ ਨੇ ਜਾਂਚ ਵਿੱਚ ਸ਼ਾਮਲ ਹੋਣ ਦੀ ਥਾਂ ਮਨਘੜਤ ਜਵਾਬ ਭੇਜ ਦਿੱਤਾ ਕਿ ਪਿਛਲੀ ਵਾਰ ਜਦੋਂ ਉਹ ਜਾਂਚ ਵਿੱਚ ਸ਼ਾਮਲ ਹੋਣ ਆਏ ਤਾਂ ਵਿਜੀਲੈਂਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਸ ਕਾਰਨ ਉਹ ਸ਼ਰੀਰਕ ਅਤੇ ਦਿਮਾਗੀ ਤੌਰ ’ਤੇ ਠੀਕ ਨਹੀਂ ਹਨ। ਲਿਹਾਜ਼ਾ ਉਸ ਨੂੰ 15 ਦਿਨਾਂ ਦੀ ਮੋਹਲਤ ਦਿੱਤੀ ਜਾਵੇ।
ਸਰਕਾਰੀ ਵਕੀਲ ਨੇ ਦੱਸਿਆ ਕਿ ਗ੍ਰਿਫ਼ਤਾਰੀ ਵਾਲੀ ਘਟਨਾ ਤੋਂ ਬਾਅਦ ਸੁਮੇਧ ਸੈਣੀ ਉੱਚ ਅਦਾਲਤ ਵਿੱਚ ਪਟੀਸ਼ਨਾਂ ਦਾਇਰ ਕਰ ਚੁੱਕੇ ਹਨ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਸੈਣੀ ਵਿਜੀਲੈਂਸ ਦੀ ਕਾਰਵਾਈ ਤੋਂ ਸਿਹਤ ਪੱਖੋਂ ਠੀਕ ਨਹੀਂ ਹਨ ਤਾਂ ਉਹ ਅਦਾਲਤ ਵਿੱਚ ਚਾਰ ਪਟੀਸ਼ਨਾਂ ਕਿਵੇਂ ਦਾਇਰ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸੈਣੀ ਜਾਣ-ਬੁੱਝ ਕੇ ਕੇਸ ਨੂੰ ਲਮਕਾਉਣ ਲਈ ਅਦਾਲਤ ਨੂੰ ਗੁਮਰਾਹ ਕਰ ਰਹੇ ਹਨ। ਲਿਹਾਜ਼ਾ ਸੈਣੀ ਨੂੰ ਦਿੱਤੀ ਜ਼ਮਾਨਤ ਮੁੱਢੋਂ ਰੱਦ ਕੀਤੀ ਜਾਵੇ ਤਾਂ ਜੋ ਉਸ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ। ਇਸ ਕੇਸ ਦੀ ਸੋਮਵਾਰ ਨੂੰ ਸੁਣਵਾਈ ਹੋਵੇਗੀ।
ਸੈਣੀ ਕੇਸ ਨਾਲ ਜੁੜੇ ਪੰਜਾਬ ਵਿਜੀਲੈਂਸ ਦੇ ਹੌਲਦਾਰ ਉੱਤੇ ਹਮਲਾ
ਐੱਸ.ਏ.ਐੱਸ. ਨਗਰ (ਮੁਹਾਲੀ) (ਦਰਸ਼ਨ ਸਿੰਘ ਸੋਢੀ): ਪੰਜਾਬ ਵਿਜੀਲੈਂਸ ਬਿਊਰੋ ਦੇ ਮੁਹਾਲੀ ਸਥਿਤ ਮੁੱਖ ਦਫ਼ਤਰ ਵਿੱਚ ਤਾਇਨਾਤ ਹੌਲਦਾਰ ਵਰੁਣ ਕਪੂਰ ’ਤੇ ਲੰਘੇ ਦਿਨੀਂ ਅਣਪਛਾਤੇ ਵਿਅਕਤੀਆਂ ਵੱਲੋਂ ਕਾਤਲਾਨਾ ਹਮਲਾ ਕੀਤਾ ਗਿਆ। ਇਸ ਸਬੰਧੀ ਬਲੌਂਗੀ ਥਾਣੇ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਦੇ ਤਾਰ ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਕੇਸ ਨਾਲ ਜੋੜੇ ਜਾ ਰਹੇ ਹਨ। ਪੀੜਤ ਵਰੁਣ ਕਪੂਰ, ਸੁਮੇਧ ਸੈਣੀ ਵਿਰੁੱਧ ਦਰਜ ਆਮਦਨ ਤੋਂ ਵੱਧ ਜਾਇਦਾਦ ਜੁਟਾਉਣ ਦੇ ਕੇਸ ਦੀ ਪੜਤਾਲ ਕਰ ਰਹੇ ਵਿਜੀਲੈਂਸ ਦੇ ਇਕ ਜਾਂਚ ਅਧਿਕਾਰੀ ਦੀ ਟੀਮ ਵਿੱਚ ਸ਼ਾਮਲ ਹੈ। ਇਸ ਹਮਲੇ ਵਿਚ ਉਸ ਨੂੰ ਕਾਫ਼ੀ ਸੱਟਾਂ ਲੱਗੀਆਂ ਹਨ। ਘਟਨਾ ਲੰਘੀ 2 ਸਤੰਬਰ ਨੂੰ ਦੇਰ ਸ਼ਾਮ ਵਾਪਰੀ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਵਰੁਣ ਕਪੂਰ ਲੰਘੀ 2 ਸਤੰਬਰ ਨੂੰ ਦੇਰ ਸ਼ਾਮ 8 ਵਜੇ ਡਿਊਟੀ ਤੋਂ ਬਾਅਦ ਵਾਇਆ ਚੱਪੜਚਿੜੀ ਲਾਂਡਰਾਂ ਰੋਡ ’ਤੇ ਸਥਿਤ ਇਕ ਰਿਹਾਇਸ਼ੀ ਸੁਸਾਇਟੀ ’ਚ ਪੈਂਦੇ ਆਪਣੇ ਘਰ ਵੱਲ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਚੱਪੜਚਿੜੀ ਨੇੜੇ ਪੁੱਜਿਆ ਤਾਂ ਅਚਾਨਕ ਮੋਟਰਸਾਈਕਲ ਸਵਾਰ ਦੋ ਵਿਅਕਤੀ ਉਸ ਨੂੰ ਰੋਕ ਕੇ ਰਸਤਾ ਪੁੱਛਣ ਲੱਗੇ। ਜਿਵੇਂ ਹੀ ਉਸ ਨੇ ਆਪਣੀ ਕਾਰ ਰੋਕ ਕੇ ਤਾਕੀ ਦਾ ਸ਼ੀਸ਼ਾ ਹੇਠਾਂ ਲਾਹਿਆ ਤਾਂ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਫੜ ਕੇ ਬਾਹਰ ਕੱਢ ਲਿਆ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਐਨੇ ਵਿੱਚ 8-10 ਹੋਰ ਵਿਅਕਤੀ ਡੰਡੇ ਤੇ ਰਾਡਾਂ ਲੈ ਕੇ ਆਉਂਦੇ ਦਿਖਾਈ ਦਿੱਤੇ ਤਾਂ ਹੌਲਦਾਰ ਬੜੀ ਮੁਸ਼ਕਿਲ ਨਾਲ ਛੁੱਟ ਕੇ ਆਪਣੀ ਜਾਨ ਬਚਾਉਣ ਲਈ ਕਾਰ ਵਿੱਚ ਬੈਠ ਕੇ ਉੱਥੋਂ ਨਿਕਲ ਲਿਆ। ਹਾਲਾਂਕਿ, ਹਮਲਾਵਰਾਂ ਨੇ ਉਸ ਦਾ ਪਿੱਛਾ ਵੀ ਕੀਤਾ ਪਰ ਉਸ ਨੇ ਆਪਣੀ ਕਾਰ ਭਜਾ ਲਈ ਅਤੇ ਘਰ ਪਹੁੰਚ ਗਿਆ। ਉਪਰੰਤ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋ ਨੌਜਵਾਨ ਮੁਹਾਲੀ ਤੋਂ ਹੀ ਉਸ ਦਾ ਪਿੱਛਾ ਕਰਦੇ ਆ ਰਹੇ ਸਨ। ਵਿਜੀਲੈਂਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਮਲਾਵਰ ਵਾਰ-ਵਾਰ ਹੌਲਦਾਰ ਨੂੰ ਧਮਕਾਉਂਦੇ ਹੋਏ ਕਹਿ ਰਹੇ ਸਨ, ‘‘ਉਸ ਨੇ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਸਬੰਧੀ ਸੀਸੀਟੀਵੀ ਦੀ ਫੁਟੇਜ ਵਾਇਰਲ ਕਰ ਕੇ ਚੰਗਾ ਨਹੀਂ ਕੀਤਾ। ਉਸ ਨੇ ਵੀਡੀਓ ਵਾਇਰਲ ਕਿਉਂ ਕੀਤੀ। ਹੁਣ ਉਹ ਉਸ ਨੂੰ ਦੱਸਣਗੇ ਕਿ ਕਿਵੇਂ ਸੀਸੀਟੀਵੀ ਕੈਮਰੇ ਦੀ ਫੁਟੇਜ/ਵੀਡੀਓਜ਼ ਵਾਇਰਲ ਕੀਤੀਆਂ ਜਾਂਦੀਆਂ ਹਨ।’’ ਉੱਧਰ, ਬਲੌਂਗੀ ਥਾਣੇ ਦੇ ਐੱਸਐੱਚਓ ਰਾਜਪਾਲ ਸਿੰਘ ਗਿੱਲ ਨੇ ਦੱਸਿਆ ਕਿ ਇਸ ਸਬੰਧੀ ਪੁਲੀਸ ਨੇ ਪੀੜਤ ਵਰੁਣ ਕਪੂਰ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਸਾਰੇ ਹਮਲਾਵਰ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਹਮਲਾਵਰਾਂ ਦੀ ਪੈੜ ਨੱਪਣ ਲਈ ਮੋਬਾਈਲ ਟਾਵਰ ਦਾ ਡੰਪ ਚੁੱਕਿਆ ਜਾ ਰਿਹਾ ਹੈ ਅਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਚੈੱਕ ਕੀਤੀਆਂ ਜਾ ਰਹੀਆਂ ਹਨ।