ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਸਰਕਾਰ ਨੇ ਨਿਊਜ਼ ਵੈੱਬ ਚੈਨਲਾਂ ਨੂੰ ਸੂਚੀਬੱਧ ਕਰਨ ਲਈ ‘ਦਿ ਪੰਜਾਬ ਨਿਊਜ਼ ਵੈੱਬ ਚੈਨਲ ਪਾਲਿਸੀ, 2021’ ਨੋਟੀਫਾਈ ਕੀਤੀ ਹੈ। ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਅਤੇ ਯੂਟਿਊਬ ’ਤੇ ਚੱਲ ਰਹੇ ਨਿਊਜ਼ ਚੈਨਲਾਂ ਨੂੰ ਇਸ ਨੀਤੀ ਤਹਿਤ ਕਵਰ ਕੀਤਾ ਜਾਵੇਗਾ। ਨੀਤੀ ਦੀਆਂ ਹੋਰ ਸ਼ਰਤਾਂ ਤੇ ਨਿਯਮਾਂ ਤੋਂ ਇਲਾਵਾ ਪੰਜਾਬ ਅਧਾਰਿਤ ਨਿਊਜ਼ ਚੈਨਲ ਜਿਨ੍ਹਾਂ ਵਿੱਚ ਮੁੱਖ ਤੌਰ ’ਤੇ 70 ਫੀਸਦੀ ਖ਼ਬਰਾਂ ਪੰਜਾਬ ਨਾਲ ਸਬੰਧਤ ਹੁੰਦੀਆਂ ਹਨ, ਸੂਚੀਬੱਧ ਕਰਨ ਲਈ ਵਿਚਾਰੇ ਜਾਣਗੇ। ਇਸ ਨੀਤੀ ਤਹਿਤ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵਲੋਂ ਸੂਚੀਬੱਧ ਕੀਤੇ ਜਾਣ ਵਾਲੇ ਚੈਨਲ ਸਿਰਫ ਰਾਜਨੀਤਕ ਇੰਟਰਵਿਊਜ਼ ਜਾਂ ਖ਼ਬਰਾਂ, ਡੇਲੀ ਨਿਊਜ਼ ਬੁਲੇਟਿਨ, ਬਹਿਸ ਜਾਂ ਵਿਚਾਰ ਵਟਾਂਦਰੇ ਵਿਸ਼ੇਸ਼ ਕਰਕੇ ਸੰਪਾਦਕੀ ਇੰਟਰਵਿਊਜ਼ ਅਤੇ ਪੰਜਾਬ ਸਬੰਧੀ ਖ਼ਬਰਾਂ ਦੌਰਾਨ ਹੀ ਸਰਕਾਰੀ ਇਸ਼ਤਿਹਾਰ ਪ੍ਰਦਰਸ਼ਿਤ ਕਰਨਗੇ।