ਗੁਰਦੀਪ ਸਿੰਘ ਲਾਲੀ
ਸੰਗਰੂਰ, 5 ਸਤੰਬਰ
ਅਧਿਆਪਕ ਦਿਵਸ ਮੌਕੇ ਅੱਜ ਰੋਸ ਪ੍ਰਦਰਸ਼ਨ ਦੌਰਾਨ ਪੁਲੀਸ ਦੀਆਂ ਰੋਕਾਂ ਤੋੜ ਕੇ ਜਬਰੀ ਰੈਸਟ ਹਾਊਸ ਵਿੱਚ ਦਾਖਲ ਹੋਏ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਨੂੰ ਪੁਲੀਸ ਨੇ ਘਸੀਟ-ਘਸੀਟ ਕੇ ਬੱਸਾਂ ਵਿਚ ਸੁੱਟਿਆ। ਪਿਛਲੇ ਕਰੀਬ ਦੋ ਹਫ਼ਤਿਆਂ ਤੋਂ ਇੱਥੇ ਦਿੱਲੀ-ਲੁਧਿਆਣਾ ਹਾਈਵੇਅ ’ਤੇ ਸਥਿਤ ਭਗਵਾਨ ਮਹਾਵੀਰ ਚੌਕ ’ਚ ਰੁਜ਼ਗਾਰ ਦੀ ਮੰਗ ਸਬੰਧੀ ਨਵੀਂ ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਦੀ ਅਗਵਾਈ ਹੇਠ ਪੱਕਾ ਮੋਰਚਾ ਲਗਾਈ ਬੈਠੇ ਬੇਰੁਜ਼ਗਾਰ ਪੀਟੀਆਈ ਅਧਿਆਪਕ ਅੱਜ ਅਧਿਆਪਕ ਦਿਵਸ ਮੌਕੇ ਰੋਸ ਪ੍ਰਦਰਸ਼ਨ ਦੌਰਾਨ ਪੁਲੀਸ ਦੀ ਰੋਕਾਂ ਤੋੜ ਕੇ ਜਬਰੀ ਰੈਸਟ ਹਾਊਸ ਵਿੱਚ ਦਾਖਲ ਹੋ ਗਏ। ਇੱਥੇ ਉਹ ਕਰੀਬ ਢਾਈ ਘੰਟੇ ਤੱਕ ਧਰਨਾ ਦਿੰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਰਹੇ। ਕਰੀਬ ਸਾਢੇ ਤਿੰਨ ਵਜੇ ਸਿਵਲ ਤੇ ਪੁਲੀਸ ਪ੍ਰਸ਼ਾਸਨ ਨੇ ਛੇ ਸਤੰਬਰ ਨੂੰ ਉਨ੍ਹਾਂ ਦੀ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਪਰ ਪ੍ਰਦਰਸ਼ਨਕਾਰੀ ਟੱਸ ਤੋਂ ਮੱਸ ਨਾ ਹੋਏ। ਉਹ ਪੈਨਲ ਮੀਟਿੰਗ ਤੈਅ ਕਰਾਉਣ ਦੀ ਮੰਗ ’ਤੇ ਅੜੇ ਹੋਏ ਸਨ। ਆਖ਼ਰਕਾਰ ਵੱਡੀ ਗਿਣਤੀ ਵਿੱਚ ਤਾਇਨਾਤ ਪੁਲੀਸ ਨੇ ਰੈਸਟ ਹਾਊਸ ’ਚ ਧਰਨੇ ’ਤੇ ਬੈਠੇ ਬੇਰੁਜ਼ਗਾਰ ਅਧਿਆਪਕਾਂ ਨੂੰ ਜਬਰੀ ਹਿਰਾਸਤ ਵਿੱਚ ਲੈਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਦੋਹਾਂ ਧਿਰਾਂ ਵਿਚਾਲੇ ਖਿੱਚ-ਧੂਹ ਵੀ ਹੋਈ। ਇਸ ਮੌਕੇ ਬੇਰੁਜ਼ਗਾਰ ਲੜਕੀਆਂ ਹੇਠਾਂ ਡਿੱਗ ਪਈਆਂ ਪਰ ਮਹਿਲਾ ਪੁਲੀਸ ਮੁਲਾਜ਼ਮਾਂ ਨੇ ਲੱਤਾਂ-ਬਾਹਾਂ ਤੋਂ ਫੜ ਕੇ ਉਨ੍ਹਾਂ ਨੂੰ ਬੱਸਾਂ ਤੱਕ ਪਹੁੰਚਾਇਆ। ਪੁਲੀਸ ਦੇ ਇੰਚਾਰਜ ਗੁਰਵੀਰ ਸਿੰਘ ਨੇ ਦੱਸਿਆ ਕਿ ਅਮਨ-ਕਾਨੂੰਨ ਦੀ ਸਥਿਤੀ ਬਹਾਲ ਰੱਖਣ ਲਈ ਹਿਰਾਸਤ ’ਚ ਲਏ ਅਧਿਆਪਕਾਂ ਨੂੰ ਛੱਡ ਦਿੱਤਾ ਗਿਆ ਹੈ। ਨਵੀਂ ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਨੇ ਕਿਹਾ ਕਿ ਜਦੋਂ ਤੱਕ ਪੰਜ ਹਜ਼ਾਰ ਅਸਾਮੀਆਂ ’ਤੇ ਭਰਤੀ ਦਾ ਇਸ਼ਤਿਹਾਰ ਜਾਰੀ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।