ਸਰਬਜੀਤ ਸਿੰਘ ਭੰਗੂ
ਪਟਿਆਲਾ, 7 ਨਵੰਬਰ
ਕਰੋਨਾ ਮਹਾਂਮਾਰੀ ਕਾਰਨ ਪੀਆਰਟੀਸੀ ਨੂੰ ਭਾਰੀ ਵਿੱਤੀ ਸੱਟ ਵੱਜੀ ਹੈ। ਤਾਲਾਬੰਦੀ ਕਾਰਨ ਕਈ ਮਹੀਨੇ ਬੱਸ ਸੇਵਾ ਠੱਪ ਰਹਿਣ ਮਗਰੋਂ ਪੀਆਰਟੀਸੀ ਦੀਆਂ ਲਾਰੀਆਂ ਮੁੜ ਸੜਕਾਂ ’ਤੇ ਦੌੜੀਆਂ ਹਨ, ਜਿਸ ਨਾਲ ਅਦਾਰੇ ਨੇ ਸੁੱਖ ਦਾ ਸਾਹ ਲਿਆ ਹੈ। ਪੀਆਰਟੀਸੀ ਨੇ ਆਪਣੀਆਂ 1125 ਵਿਚੋਂ 850 ਬੱਸਾਂ ਚਲਾ ਦਿੱਤੀਆਂ ਹਨ, ਜੋ ਰੋਜ਼ਾਨਾ ਇਕ ਕਰੋੜ ਰੁਪਏ ਇਕੱਠਾ ਕਰ ਰਹੀਆਂ ਹਨ। ਇਸ ਨੂੰ ਅਦਾਰੇ ਲਈ ਸ਼ੁਭ ਸ਼ਗਨ ਮੰਨਿਆ ਜਾ ਰਿਹਾ ਹੈ। ਹਾਲਾਂਕਿ ਮਾਹਿਰ ਨਵੰਬਰ ਅਤੇ ਦਸੰਬਰ ਵਿਚ ਇੱਕ ਵਾਰ ਫਿਰ ਕਰੋਨਾ ਦਾ ਕਹਿਰ ਵੱਧਣ ਦੇ ਸੰਕੇਤ ਦੇ ਰਹੇ ਹਨ, ਪਰ ਹਾਲ ਦੀ ਘੜੀ ਕਰੋਨਾ ਦਾ ਕਹਿਰ ਘਟਣ ਤੇ ਆਮਦਨ ਵਧਣਾ ਪੀਆਰਟੀਸੀ ਲਈ ਖੁਸ਼ ਖ਼ਬਰ ਹੈ। ਬੱਸ ਸੇਵਾ ਮੁੜ ਬਹਾਲ ਹੋਣ ਮਗਰੋਂ ਅੱਧ ਅਕਤੂਬਰ ’ਚ ਪੀਆਰਟੀਸੀ ਦੀ ਰੋਜ਼ਾਨਾ ਦੀ ਆਮਦਨ ਘੱਟ ਕੇ 60 ਲੱਖ ਰੁਪਏ ਰਹਿ ਗਈ ਸੀ, ਜੋ ਕਰੋਨਾ ਤੋਂ ਪਹਿਲਾਂ ਕਰੀਬ ਰੋਜ਼ਾਨਾ 1.40 ਕਰੋੜ ਸੀ। ਪਰ ਅੰਤਰਰਾਜੀ ਬੱਸ ਸੇਵਾ ਬਹਾਲ ਹੋਣ ਮਗਰੋਂ ਦੋ ਨਵੰਬਰ ਤੋਂ ਬਾਅਦ ਅਦਾਰੇ ਦੀ ਆਮਦਨੀ ਇੱਕ ਕਰੋੜ ਰੁਪਏ ਰੋਜ਼ਾਨਾ ਤਕ ਪੁੱਜ ਗਈ ਹੈ।