ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਜੁਲਾਈ
ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਨਵੇਂ ਬੱਸ ਰੂਟ ਪਰਮਿਟਾਂ ਸਬੰਧੀ ਪੀਆਰਟੀਸੀ ਵੱਲੋਂ ਆਪਣੇ ਬੇੜੇ ਵਿੱਚ 219 ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ, ਜਿਸ ਸਬੰਧੀ ਪੀਆਰਟੀਸੀ ਵਿੱਚ ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾਉਣ ਦੀ ਪ੍ਰਕਿਰਿਆ ਆਰੰਭ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਨਵੀਆਂ ਬੱਸਾਂ ਲਈ ਟੈਂਡਰ ਕੱਢ ਦਿੱਤਾ ਹੈ, ਜਿਸ ਦੀ ਆਖ਼ਰੀ ਤਰੀਕ ਦੋ ਅਗਸਤ ਹੈ। ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਕਿਲੋਮੀਟਰ ਸਕੀਮ ਦਾ ਅਪਰੇਟਰ ਜਾਂ ਬੱਸ ਮਾਲਕ ਪੀਆਰਟੀਸੀ ਨੂੰ ਮੁਕੰਮਲ ਤੌਰ ’ਤੇ ਨਵੀਂ ਬੱਸ ਮੁਹੱਈਆ ਕਰਵਾਏਗਾ। ਬੱਸਾਂ ਦਾ ਰੱਖ-ਰਖਾਅ, ਡਰਾਈਵਰ, ਇੰਸ਼ੋਰੈਂਸ ਤੇ ਕਰਜ਼ ਦੀ ਅਦਾਇਗੀ ਦੀ ਜ਼ਿੰਮੇਵਾਰੀ ਅਪਰੇਟਰ ਜਾਂ ਬੱਸ ਮਾਲਕ ਦੀ ਹੋਵੇਗੀ। ਇਸ ਬਦਲੇ ਉਨ੍ਹਾਂ ਨੂੰ ਟੈਂਡਰ ਵਿੱਚ ਆਏ ਘੱਟੋ-ਘੱਟ ਰੇਟ ਅਨੁਸਾਰ ਬੱਸ ਵੱਲੋਂ ਤੈਅ ਕੀਤੇ ਗਏ ਕਿਲੋਮੀਟਰਾਂ ਦੇ ਆਧਾਰ ’ਤੇ ਹਰੇਕ ਮਹੀਨੇ ਅਦਾਇਗੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੀਆਰਟੀਸੀ ਵੱਲੋਂ ਬੱਸ ਲਈ ਸਿਰਫ਼ ਕੰਡਕਟਰ ਮੁਹੱਈਆ ਕਰਵਾਇਆ ਜਾਵੇਗਾ ਅਤੇ ਬੱਸ ਤੋਂ ਹੋਣ ਵਾਲੀ ਆਮਦਨ ਪੀਆਰਟੀਸੀ ਦੇ ਖਾਤੇ ਵਿੱਚ ਜਮ੍ਹਾਂ ਹੋਵੇਗੀ।
ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਵੋਲਵੋ ਬੱਸ ਸੇਵਾ
ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਤੋਂ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੱਕ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਵਾਲਵੋ ਬੱਸ ਸੇਵਾ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਹੁਣ ਤੱਕ 17,500 ਦੇ ਕਰੀਬ ਸਵਾਰੀਆਂ ਵਾਲਵੋ ਬੱਸ ਸੇਵਾ ਦਾ ਲਾਹਾ ਲੈ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਪਨਬੱਸ ਅਤੇ ਪੀਆਰਟੀਸੀ ਦੀਆਂ 20 ਵਾਲਵੋ ਬੱਸਾਂ ਰੋਜ਼ਾਨਾ ਅੰਮਿਤਸਰ, ਪਠਾਨਕੋਟ, ਲੁਧਿਆਣਾ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਪਟਿਆਲਾ, ਨਵਾਂਸਹਿਰ, ਰੋਪੜ, ਮੋਗਾ ਅਤੇ ਚੰਡੀਗੜ੍ਹ ਤੋਂ ਕੌਮਾਂਤਰੀ ਏਅਰਪੋਰਟ ਨਵੀਂ ਦਿੱਲੀ ਤੱਕ ਸਫ਼ਲਤਾਪੂਰਵਕ ਚੱਲ ਰਹੀਆਂ ਹਨ।