ਜਸਵੰਤ ਜੱਸ
ਫ਼ਰੀਦਕੋਟ, 9 ਅਕਤੂਬਰ
ਸ਼ਹਿਰ ਵਿੱਚੋਂ ਗੁਜ਼ਰਦੀਆਂ ਜੌੜੀਆਂ ਨਹਿਰਾਂ ਦੇ ਕਿਨਾਰੇ ਪੱਕੇ ਕਰਨ ਦੇ ਪ੍ਰਾਜੈਕਟ ਦਾ ਇਲਾਕੇ ਦੇ ਲੋਕਾਂ ਅਤੇ ਵਾਤਾਵਰਨ ਪ੍ਰੇਮੀਆਂ ਨੇ ਸਖ਼ਤ ਵਿਰੋਧ ਕੀਤਾ ਹੈ। ਸੂਚਨਾ ਅਨੁਸਾਰ ਰਾਜਸਥਾਨ ਸਰਕਾਰ ਵੱਲੋਂ ਰਾਜਸਥਾਨ ਫੀਡਰ ਦੇ ਕਿਨਾਰਿਆਂ ਨੂੰ ਪੱਕਾ ਕਰਨ ਦੇ ਪ੍ਰਾਜੈਕਟ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਇਸੇ ਤਰ੍ਹਾਂ ਨਹਿਰੀ ਵਿਭਾਗ ਪੰਜਾਬ ਨੇ ਸਰਹਿੰਦ ਫੀਡਰ ਦੇ ਕਿਨਾਰਿਆਂ ਨੂੰ ਪੱਕਾ ਕਰਨ ਲਈ 13 ਅਕਤੂਬਰ ਤੱਕ ਟੈਂਡਰਾਂ ਦੀ ਮੰਗ ਕੀਤੀ ਹੈ।
ਫ਼ਰੀਦਕੋਟ ਦੇ ਵਸਨੀਕ ਪ੍ਰੀਤਮ ਸਿੰਘ ਭਾਣਾ ਦੀ ਅਗਵਾਈ ਵਿੱਚ ਸੈਂਕੜੇ ਸ਼ਹਿਰ ਵਾਸੀਆਂ ਨੇ ਨਹਿਰੀ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਨੂੰ ਮੰਗ ਪੱਤਰ ਦੇ ਕੇ ਇਹ ਪ੍ਰਾਜੈਕਟ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ। ਲਖਵਿੰਦਰ ਸਿੰਘ ਭਾਣਾ, ਗੁਰਜੰਗ ਸਿੰਘ ਅਤੇ ਸੰਦੀਪ ਅਰੋੜਾ ਨੇ ਕਿਹਾ ਕਿ ਜੇ ਨਹਿਰਾਂ ਦੇ ਕਿਨਾਰੇ ਅਤੇ ਤਲ ਪੱਕਾ ਕੀਤਾ ਜਾਂਦਾ ਹੈ ਤਾਂ ਪੂਰੇ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀ ਵੱਡੀ ਸਮੱਸਿਆ ਆ ਜਾਵੇਗੀ ਕਿਉਂਕਿ ਧਰਤੀ ਹੇਠਲਾ ਪਾਣੀ ਖਾਰਾ ਹੈ। ਇਨ੍ਹਾਂ ਦੋਵਾਂ ਨਹਿਰਾਂ ਦਾ ਪਾਣੀ ਰਿਸਣ ਸਦਕਾ ਨਹਿਰ ਨਾਲ ਲੱਗਦੇ ਇਕ ਕਿਲੋ ਮੀਟਰ ਤੋਂ ਵੱਧ ਇਲਾਕੇ ਦਾ ਪਾਣੀ ਮਿੱਠਾ ਹੋ ਗਿਆ ਹੈ। ਵਰਿੰਦਰ ਸਿੰਘ ਗਿੱਲ, ਲਖਵਿੰਦਰ ਸਿੰਘ ਅਤੇ ਮਾਸਟਰ ਮੱਖਣ ਸਿੰਘ ਨੇ ਕਿਹਾ ਕਿ ਕਿ ਇਸ ਤੋਂ ਇਲਾਵਾ ਪ੍ਰਾਜੈਕਟ ਪੱਕਾ ਕਰਨ ਲਈ ਨਹਿਰਾਂ ਦੇ ਆਸ-ਪਾਸ ਲਾਏ ਗਏ ਲੱਖਾਂ ਰੁੱਖ ਪੁੱਟਣ ਦੀ ਤਿਆਰੀ ਹੈ। ਉਨ੍ਹਾਂ ਕਿਹਾ ਕਿ ਜੇ ਇਹ ਰੁੱਖ ਕੱਟੇ ਜਾਂਦੇ ਹਨ ਤਾਂ ਫ਼ਰੀਦਕੋਟ ਸ਼ਹਿਰ ਪੂਰੀ ਤਰ੍ਹਾਂ ਉਜਾੜ ਬਣ ਜਾਵੇਗਾ।
ਇਸ ਸਬੰਧੀ ਫ਼ਰੀਦਕੋਟ ਦੇ ਵਸਨੀਕਾਂ ਨੇ ਅੱਜ ਗਰੀਨ ਐਵੇਨਿਊ ਵਿੱਚ ਮੀਟਿੰਗ ਵੀ ਕੀਤੀ ਅਤੇ ਸਪੱਸ਼ਟ ਕੀਤਾ ਕਿ ਨਹਿਰਾਂ ਦੇ ਕਿਨਾਰਿਆਂ ਅਤੇ ਤਲ ਨੂੰ ਪੱਕੇ ਕਰਨ ਦੇ ਪ੍ਰਾਜੈਕਟ ਨੂੰ ਹਰ ਹਾਲਤ ਵਿੱਚ ਰੱਦ ਕਰਵਾਇਆ ਜਾਵੇਗਾ। ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਇਲਾਕੇ ਦੇ ਲੋਕ ਨਹਿਰਾਂ ਦੇ ਕਿਨਾਰੇ ਪੱਕੇ ਕਰਨ ਦਾ ਸਖ਼ਤ ਵਿਰੋਧ ਕਰ ਰਹੇ ਹਨ ਅਤੇ ਉਨ੍ਹਾਂ ਨੇ ਇਸ ਸਬੰਧੀ ਪੰਜਾਬ ਸਰਕਾਰ ਨੂੰ ਜਾਣੂ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਕੀਮਤ ’ਤੇ ਨਹਿਰਾਂ ਦੇ ਕਿਨਾਰੇ ਪੱਕੇ ਨਹੀਂ ਹੋਣ ਦਿੱਤੇ ਜਾਣਗੇ ਅਤੇ ਨਾ ਹੀ ਰੁੱਖਾਂ ਦਾ ਉਜਾੜਾ ਹੋਣ ਦਿੱਤਾ ਜਾਵੇਗਾ।