ਗਗਨਦੀਪ ਅਰੋੜਾ
ਲੁਧਿਆਣਾ, 30 ਦਸੰਬਰ
ਇਥੇ ਅਦਾਲਤੀ ਕੰਪਲੈਕਸ ਧਮਾਕਾ ਕਾਂਡ ਦੀਆਂ ਪਰਤਾਂ ਲਗਾਤਾਰ ਖੁੱਲ੍ਹਦੀਆਂ ਜਾ ਰਹੀਆਂ ਹਨ। ਹੁਣ ਏਜੰਸੀਆਂ ਇਹ ਜਾਂਚ ਕਰਨ ਵਿੱਚ ਲੱਗੀਆਂ ਹਨ ਕਿ ਗਗਨਦੀਪ ਸਿੰਘ ਨੂੰ ਧਮਾਕਾਖੇਜ਼ ਸਮੱਗਰੀ ਕਿਸਨੇ ਦਿੱਤੀ? ਉਸਨੂੰ ਬੰਬ ਚਲਾਉਣ ਦੀ ਟ੍ਰੇਨਿੰਗ ਕਿੱਥੇ ਅਤੇ ਕਿਸਨੇ ਦਿੱਤੀ? ਸਤੰਬਰ ਮਹੀਨੇ ਵਿੱਚ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਗਗਨਦੀਪ ਸਿੰਘ ਕਿਸ ਦੇ ਕੋਲ ਤੇ ਕਦੋਂ ਗਿਆ। ਜਾਂਚ ਦੌਰਾਨ ਪਤਾ ਲੱਗਿਆ ਕਿ ਗਗਨਦੀਪ ਸਿੰਘ, ਉਸਦੀ ਪਤਨੀ ਤੇ ਭਰਾ ਦੇ ਖਾਤੇ ਵਿੱਚ ਧਮਾਕੇ ਤੋਂ ਕੁਝ ਦਿਨ ਪਹਿਲਾਂ ਵਿਦੇਸ਼ ਤੋਂ ਕੁਝ ਫੰਡ ਵੀ ਆਏ ਹਨ। ਸੂਤਰ ਇਹ ਵੀ ਦੱਸਦੇ ਹਨ ਕਿ ਤਿੰਨਾਂ ਦੇ ਖਾਤਿਆਂ ’ਚ ਆਇਆ ਫੰਡ ਜਰਮਨੀ ਦੇ ਨਾਲ-ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਇਆ ਹੈ।
ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਰਣਜੀਤ ਬਾਬਾ ਤੇ ਸੁਖਜਿੰਦਰ ਬਾਕਸਰ ਤੋਂ ਕਈ ਟੀਮਾਂ ਨੇ ਪੁੱਛ-ਪੜਤਾਲ ਕੀਤੀ। ਧਮਾਕੇ ਤੋਂ ਬਾਅਦ ਹੁਣ ਪੁਲੀਸ ਕਮਿਸ਼ਨਰ ਦਫ਼ਤਰ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ।
ਐੱਨਆਈਏ ਅਤੇ ਪੰਜਾਬ ਪੁਲੀਸ ਨੂੰ ਮਿਲੀ ਧਮਕੀ
ਇਸ ਮਾਮਲੇ ਸਬੰਧੀ ਹੁਣ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਨੇ ਐੱਨਆਈਏ ਤੇ ਪੰਜਾਬ ਪੁਲੀਸ ਨੂੰ ਧਮਕੀ ਭਰੇ ਮੈਸੇਜ ਭੇਜੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇ ਚੀਤਾ ਤੇ ਬਾਕਸਰ ਦੀ ਕੁੱਟਮਾਰ ਕੀਤੀ ਗਈ ਤਾਂ ਐੱਸਐੱਫਜੇ ਇਸ ਮਾਮਲੇ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਲੈ ਕੇ ਜਾਏਗਾ। ਜਾਣਕਾਰੀ ਮੁਤਾਬਕ ਲੁਧਿਆਣਾ ਬੰਬ ਧਮਾਕੇ ਦੇ ਤਾਰ ਜੇਲ੍ਹ ਵਿੱਚ ਬੰਦ ਮੁਲਜ਼ਮ ਸੁਖਵਿੰਦਰ ਸਿੰਘ ਬਾਕਸਰ ਤੇ ਰਣਜੀਤ ਸਿੰਘ ਬਾਬਾ ਉਰਫ਼ ਚੀਤਾ ਦੇ ਨਾਲ ਜੁੜੇ ਹੋਏ ਸਨ। ਪੁਲੀਸ ਤੇ ਕੇਂਦਰੀ ਏਜੰਸੀਆਂ ਨੇ ਦੋਵਾਂ ਨੂੰ ਜੇਲ੍ਹ ਵਿੱਚੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਸੀ।