ਸਰਬਜੀਤ ਸਿੰਘ ਭੰਗੂ
ਪਟਿਆਲਾ, 8 ਜੂਨ
ਜੇਲ੍ਹਾਂ ਵਿੱਚੋਂ ਕੈਦੀਆਂ ਦੇ ਭੱਜਣ ਦੀਆਂ ਘਟਨਾਵਾਂ ਦੀ ਰੋਕਥਾਮ ਲਈ ਪੰਜਾਬ ਜੇਲ੍ਹ ਵਿਭਾਗ ਵੱਲੋਂ ਹੋਰ ਮੁਸਤੈਦ ਹੋ ਗਿਆ ਹੈ। ਸੂਬੇ ਦੀਆਂ ਸਮੂਹ ਜੇਲ੍ਹਾਂ ਦੀਆਂ ਮੁੱਖ ਚਾਰਦੀਵਾਰੀਆਂ ’ਤੇ 400 ਵੋਲਟੇਜ ਨਾਲ਼ ਲੈਸ ਤਾਰਾਂ ਵਗਲ਼ੀਆਂ ਜਾ ਰਹੀਆਂ ਹਨ। ਇਸ ਕੜੀ ਵਜੋਂ ਪਟਿਆਲਾ ਸਥਿਤ ਪੰਜਾਬ ਦੀ ਪ੍ਰਮੁੱਖ ਮੰਨੀ ਜਾਂਦੀ ‘ਕੇਂਦਰੀ ਜੇਲ੍ਹ’ ਵੀ ਚੰਦ ਦਿਨ ਪਹਿਲਾਂ ਬਿਜਲੀ ਕਰੰਟ ਵਾਲ਼ੀਆਂ ਤਾਰਾਂ ਦੇ ਕਲ਼ਾਵੇ ਵਿੱਚ ਆ ਗਈ ਹੈ। ਇਸ ਤੋਂ ਪਹਿਲਾਂ ਕੁਝ ਹੋਰ ਜੇਲ੍ਹਾਂ ’ਤੇ ਵੀ ਕਰੰਟ ਵਾਲ਼ੀਆਂ ਤਾਰਾਂ ਲਾਈਆਂ ਜਾ ਚੁੱਕੀਆਂ ਹਨ। 80 ਏਕੜ ਰਕਬੇ ਅਤੇ 2.4 ਕਿਲੋਮੀਟਰ ਘੇਰੇ ਵਾਲ਼ੀ ਕੇਂਦਰੀ ਪਟਿਆਲਾ ਜੇਲ੍ਹ ਦੀ ਨੀਂਹ 1896 ਵਿੱਚ ਰੱਖੀ ਗਈ ਸੀ, ਜੋ 1904 ’ਚ ਸ਼ੁਰੂ ਹੋਈ। ਇਸ ਦੇ ਦੁਆਲ਼ੇ ਪਹਿਲਾਂ 12 ਫੁੱਟ ਤੇ ਫੇਰ 18 ਫੁੱਟ ਉੱਚੀ ਦੀਵਾਰ ਹੈ। ਫਰਾਰੀ ਦੀਆਂ ਘਟਨਾਵਾਂ ਦੀ ਰੋਕਥਾਮ ਲਈ ਹੀ ਬਾਹਰੀ ਦੀਵਾਰ ’ਤੇ ਅੰਦਰ ਨੂੰ ਝੁਕਾਈ ਹੋਣ ਦੀ ਤਕਨੀਕ ਵਰਤੀ ਗਈ ਹੈ, ਤਾਂ ਜੋ ਇਸ ’ਤੇ ਕੋਈ ਵੀ ਸੌਖਿਆਂ ਨਾ ਚੜ੍ਹ ਸਕੇ। ਕੁਝ ਹੀ ਦਿਨ ਪਹਿਲਾਂ 400 ਵੋਲਟੇਜ ਵਾਲ਼ੀਆਂ ਸੰਘਣੀਆਂ ਤਾਰਾਂ ਵੀ ਬਾਹਰਲੀ ਦੀਵਾਰ ’ਤੇ ਲਾਈਆਂ ਗਈਆਂ ਹਨ, ਜੋ ਜੇਲ੍ਹ ਦੇ ਸਮੁੱਚੇ 2.4 ਕਿਲੋਮੀਟਰ ਘੇਰੇ ’ਤੇ ਮੌਜੂਦ ਹਨ। ਇਨ੍ਹਾਂ ’ਚ ਬਾਕਾਇਦਾ ਕਰੰਟ ਛੱਡ ਦਿੱਤਾ ਗਿਆ ਹੈ। ਇਥੇ ਹੁਣ ਦੋ ਹਜ਼ਾਰ ਤੋਂ ਵੱਧ ਬੰਦੀ ਹਨ। ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਵੀ ਐਮਰਜੈਂਸੀ ਕਾਲ ਦੌਰਾਨ ਇਥੇ ਬੰਦ ਰਹੇ ਸਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਸਮੇਤ ਕਈ ਹੋਰ ਪੁਮੁੱਖ ਰਾਜਸੀ ਨੇਤਾ ਵੀ ਇੱਥੇ ਬੰਦ ਰਹਿ ਚੁੱਕੇ ਹਨ। ਪਟਿਆਲਾ ਜੇਲ੍ਹ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਨੇ ਇਥੇ ਕਰੰਟ ਵਾਲ਼ੀਆਂ ਤਾਰਾਂ ਲਾਉਣ ਦੀ ਪੁਸ਼ਟੀ ਕੀਤੀ ਹੈ।
ਨਾਭਾ ਜੇਲ੍ਹ ਵਿੱਚੋਂ ਕੈਦੀ ਫ਼ਰਾਰ
ਨਾਭਾ: ਨਾਭਾ ਦੀ ਓਪਨ ਖੇਤੀਬਾੜੀ ਜੇਲ੍ਹ ਵਿੱਚੋਂ ਅੱਜ ਇੱਕ ਕੈਦੀ ਫ਼ਰਾਰ ਹੋ ਗਿਆ ਹੈ। ਜੇਲ੍ਹ ਸੁਪਰਡੈਂਟ ਜਸਪਾਲ ਸਿੰਘ ਨੇ ਦੱਸਿਆ ਕਿ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਰਾਜ ਕੁਮਾਰ ਵਾਸੀ ਪਟਿਆਲਾ ਅੱਜ ਖੇਤ ਵਿੱਚੋਂ ਵਾਪਸ ਨਹੀਂ ਆਇਆ। ਨਾਭਾ ਸਦਰ ਪੁਲੀਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਕੈਦੀ ਦੀ ਭਾਲ ਜਾਰੀ ਹੈ। -ਨਿੱਜੀ ਪੱਤਰ ਪ੍ਰੇਰਕ
ਜੇਲ੍ਹ ਮੰਤਰੀ ਦਾ ਅਸਤੀਫ਼ਾ ਮੰਗਿਆ
ਅੰਮ੍ਰਿਤਸਰ (ਟਨਸ): ਜੇਲ੍ਹ ਵਿੱਚ ਇੱਕ ਕੈਦੀ ਦੇ ਕਤਲ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਜੇਲ੍ਹ ਢਾਂਚੇ ਵਿੱਚ ਆਏ ਵਿਗਾੜ ਲਈ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਜ਼ਿੰਮੇਵਾਰ ਕਰਾਰ ਦਿੰਦਿਆਂ ਉਨ੍ਹਾਂ ਦਾ ਅਸਤੀਫ਼ਾ ਲਿਆ ਜਾਵੇ। ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਦੋਸ਼ ਲਾਇਆ ਕਿ ਜੇਲ੍ਹ ਮੰਤਰੀ ਦੇ ਕਾਰਜਕਾਲ ਵਿੱਚ ਜੇਲ੍ਹ ਵਿੱਚ ਗੈਂਗਸਟਰਾਂ ਨੂੰ ਸਰਪ੍ਰਸਤੀ ਮਿਲ ਰਹੀ ਹੈ, ਜਿਸ ਨੇ ਜੇਲ੍ਹ ਪ੍ਰਸ਼ਾਸਨ ਦੇ ਢਾਂਚੇ ਨੂੰ ਕਥਿਤ ਤੌਰ ’ਤੇ ਤਹਿਸ-ਨਹਿਸ ਕਰ ਦਿੱਤਾ ਹੈ। ਇਸ ਦੌਰਾਨ ਸਥਾਨਕ ਕੇਂਦਰੀ ਜੇਲ੍ਹ ਵਿੱਚ ਝਗੜੇ ਵਿੱਚ ਇੱਕ ਕੈਦੀ ਦੀ ਹੋਈ ਮੌਤ ਦੇ ਮਾਮਲੇ ਵਿੱਚ ਪੁਲੀਸ ਨੇ 4 ਕੈਦੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।