ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਬਜ਼ੁਰਗ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਨੂੰ ਫੋਨ ਕਰਕੇ ਉਨ੍ਹਾਂ ਦੀ ਸਿਹਤ ਬਾਰੇ ਖ਼ਬਰਸਾਰ ਲਈ। ਪੰਜ ਵਾਰ ਸੂਬੇ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਲੰਘੇ ਦਿਨ ਨਿਯਮਤ ਜਾਂਚ ਲਈ ਲੁਧਿਆਣਾ ਦੇ ਦਇਆਨੰਦ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਇਥੇ ਜਾਂਚ ਦੌਰਾਨ ਉਨ੍ਹਾਂ ਦੀ ਰਿਪੋਰਟ ਕਰੋਨਾ ਦੀ ਲਾਗ ਲਈ ਪਾਜ਼ੇਟਿਵ ਨਿਕਲ ਆਈ ਤੇ ਡਾਕਟਰਾਂ ਨੇ ਉਨ੍ਹਾਂ ਨੂੰ ਆਇਸੋਲੇਸ਼ਨ ਵਾਰਡ ਵਿੱਚ ਦਾਖ਼ਲ ਕਰ ਲਿਆ। ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ ਪ੍ਰਕਾਸ਼ ਸਿੰਘ ਬਾਦਲ ਨੂੰ ਫੋਨ ਕੀਤਾ। ਉਨ੍ਹਾਂ ਗੱਲਬਾਤ ਦੌਰਾਨ ਸ੍ਰੀ ਬਾਦਲ ਦੇ ਜਲਦੀ ਸਿਹਤਯਾਬ ਹੋਣ ਦੀ ਦੁਆ ਕੀਤੀ। ਪ੍ਰਧਾਨ ਮੰਤਰੀ ਦਫ਼ਤਰ ਵਿਚਲੇ ਸੂਤਰਾਂ ਨੇ ਕਿਹਾ ਪ੍ਰਧਾਨ ਮੰਤਰੀ ਨੇ ਸ੍ਰੀ ਬਾਦਲ ਨੂੰ ਕਿਹਾ ਕਿ ਉਹ ਆਪਣੀ ਸਿਹਤ ਦਾ ਖਿਆਲ ਰੱਖਣ। -ਪੀਟੀਆਈ
ਪ੍ਰਕਾਸ਼ ਸਿੰਘ ਬਾਦਲ ਦੀ ਹਾਲਤ ’ਚ ਸੁਧਾਰ
ਲੁਧਿਆਣਾ (ਟਨਸ): ਡੀਐੱਮਸੀ ਹਸਪਤਾਲ ’ਚ ਕਰੋਨਾ ਦੀ ਲਾਗ ਲਈ ਜ਼ੇਰੇ ਇਲਾਜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹਾਲਤ ’ਚ ਪਹਿਲਾਂ ਨਾਲੋਂ ਸੁਧਾਰ ਹੋ ਰਿਹਾ ਹੈ। ਸ੍ਰੀ ਬਾਦਲ ਨੂੰ ਹਸਪਤਾਲ ਦੇ ਇਕਾਂਤਵਾਸ ਵਾਰਡ ’ਚ ਰੱਖਿਆ ਗਿਆ ਹੈ। ਉਨ੍ਹਾਂ ਦੇ ਇਲਾਜ ਦੀ ਜ਼ਿੰਮੇਵਾਰੀ ਸੀਨੀਅਰ ਡਾਕਟਰ ਵਿਸ਼ਵ ਮੋਹਨ ਦੀ ਅਗਵਾਈ ’ਚ ਗਠਿਤ ਟੀਮ ਨੂੰ ਦਿੱਤੀ ਗਈ ਹੈ। ਦੋ ਦਿਨਾਂ ਤੋਂ ਖੰਘ ਤੇ ਬੁਖਾਰ ਦੀ ਸ਼ਿਕਾਇਤ ਮਗਰੋਂ ਸ੍ਰੀ ਬਾਦਲ ਨੂੰ ਲੰਘੇ ਦਿਨ ਨਿਯਮਤ ਜਾਂਚ ਲਈ ਡੀਐੱਮਸੀ ਹਸਪਤਾਲ ਲਿਆਂਦਾ ਗਿਆ ਸੀ। ਇਥੇ ਉਨ੍ਹਾਂ ਦੀ ਟੈਸਟ ਰਿਪੋਰਟ ਕਰੋਨਾ ਪਾਜ਼ੇਟਿਵ ਆਉਣ ਮਗਰੋਂ ਡਾਕਟਰਾਂ ਨੇ ਉਨ੍ਹਾਂ ਨੂੰ ਆਈਸੋਲੇਸ਼ਨ ਵਾਰਡ ’ਚ ਸ਼ਿਫ਼ਟ ਕਰ ਦਿੱਤਾ ਸੀ। ਇਸ ਦੌਰਾਨ ਅੱਜ ਲਗਾਤਾਰ ਦੂਜੇ ਦਿਨ ਪਿਤਾ ਦੀ ਖ਼ਬਰਸਾਰ ਲੈਣ ਲਈ ਹਸਪਤਾਲ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਡਾਕਟਰਾਂ ਨਾਲ ਮੁਲਾਕਾਤ ਮਗਰੋਂ ਕਿਹਾ, ‘‘ਉਨ੍ਹਾਂ ਦੀ ਸਿਹਤ ਵਿੱਚ ਪਹਿਲਾਂ ਨਾਲੋਂ ਸੁਧਾਰ ਹੈ ਤੇ ਉਨ੍ਹਾਂ ਦਾ ਇਲਾਜ ਜਾਰੀ ਹੈ।’’ ਦੱਸਣਾ ਬਣਦਾ ਹੈ ਕਿ ਲੰਘੀ ਦੇਰ ਸ਼ਾਮ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਪਿਤਾ ਦੀ ਖ਼ਬਰਸਾਰ ਲੈਣ ਲਈ ਡੀਐਮਸੀ ਹਸਪਤਾਲ ਪੁੱਜੇ ਸਨ। ਉਨ੍ਹਾਂ ਆਪਣੇ ਪਿਤਾ ਨਾਲ ਵੀਡੀਓ ਕਾਲ ’ਤੇ ਗੱਲਬਾਤ ਵੀ ਕੀਤੀ ਸੀ।