ਮਹਿੰਦਰ ਸਿੰਘ ਰੱਤੀਆਂ
ਮੋਗਾ, 1 ਅਗਸਤ
ਇਥੇ ਥਾਣਾ ਸਦਰ ਅਧੀਨ ਪਿੰਡ ਚੋਟੀਆਂ ਕਲਾਂ ਵਿੱਚ ਹਾਕਮ ਧਿਰ ਦੇ ਹਲਕਾ ਵਿਧਾਇਕ ਡਾ.ਹਰਜੋਤ ਕਮਲ ਸਿੰਘ ਵੱਲੋਂ ਰੱਖਿਆ ਨੀਂਹ ਪੱਥਰ ਸ਼ਰਾਰਤੀ ਅਨਸਰਾਂ ਨੇ 12 ਘੰਟਿਆਂ ਵਿਚ ਹੀ ਢਹਿ-ਢੇਰੀ ਕਰ ਦਿੱਤਾ। ਥਾਣਾ ਸਦਰ ਮੁਖੀ ਕਰਮਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਪਰਮਿੰਦਰ ਕੌਰ ਅਧਿਕਾਰਤ ਪੰਚ ਦੀ ਸ਼ਿਕਾਇਤ ਉੱਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ 434 ਆਈਪੀਸੀ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪੁਲੀਸ ਮੁਤਾਬਕ ਪਿੰਡ ਚੋਟੀਆਂ ਕਲਾਂ ਵਿੱਚ 30 ਜੁਲਾਈ ਨੂੰ ਹਾਕਮ ਧਿਰ ਦੇ ਹਲਕਾ ਵਿਧਾਇਕ ਡਾ.ਹਰਜੋਤ ਕਮਲ ਸਿੰਘ ਨੇ ਪ੍ਰਾਇਮਰੀ ਸਕੂਲ ਵਿੱਚ ਨਵੇਂ ਬਣਨ ਜਾ ਰਹੇ ਆਂਗਣਵਾੜੀ ਸੈਂਟਰ ਅਤੇ ਪ੍ਰਾਇਮਰੀ ਸਕੂਲ ਦਿੱਖ ਬਦਲਣ ਲਈ ਮਿਲੀ ਗਰਾਂਟ, ਜੋ ਮਨਰੇਗਾ ਸਕੀਮ ਤਹਿਤ ਬਣ ਰਹੀ ਹੈ, ਤਹਿਤ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਸੀ ਅਤੇ 30 ਜੁਲਾਈ ਦੀ ਰਾਤ ਨੂੰ ਇਹ ਨੀਂਹ ਪੱਥਰ ਕਿਸੇ ਸ਼ਰਾਰਤੀ ਅਨਸਰ ਦੁਆਰਾ ਰਾਤ ਦੇ ਸਮੇਂ ਬੜੀ ਤੋੜ ਦਿੱਤਾ ਗਿਆ।