ਪੱਤਰ ਪ੍ਰੇਰਕ
ਰਈਆ, 2 ਅਗਸਤ
ਪਿੰਡ ਮੁੱਛਲ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਰਾਜਸੀ ਦਖ਼ਲਅੰਦਾਜ਼ੀ ਕਾਰਨ ਲਾਸ਼ਾਂ ਹਸਪਤਾਲਾਂ ਵਿੱਚ ਰੁਲ ਰਹੀਆਂ ਹਨ। ਲੋਕ ਸਸਕਾਰ ਕਰਨ ਲਈ ਆਪਣਿਆਂ ਦੀਆਂ ਲਾਸ਼ਾਂ ਦਾ ਇੰਤਜ਼ਾਰ ਕਰ ਰਹੇ ਹਨ। ਜਾਣਕਾਰੀ ਅਨੁਸਾਰ ਜੋਗਾ ਸਿੰਘ ਦੀ ਹੋਠੀਆਂ ਅੰਮ੍ਰਿਤਸਰ ਹਸਪਤਾਲ ਵਿੱਚ 31 ਅਗਸਤ ਨੂੰ ਮੌਤ ਹੋ ਗਈ ਸੀ ਉਸ ਦਾ ਪਰਿਵਾਰ ਤਿੰਨ ਦਿਨਾਂ ਤੋਂ ਲਾਸ਼ ਦੀ ਉਡੀਕ ਕਰ ਰਿਹਾ ਹੈ। ਮ੍ਰਿਤਕ ਜੋਗਾ ਸਿੰਘ ਅਤੇ ਉਸ ਦੀ ਪਤਨੀ ਪਰਮਜੀਤ ਕੌਰ ਦੋਵੇਂ ਅੰਗਹੀਣ ਹੋਣ ਦੇ ਬਾਵਜੂਦ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲ ਰਹੇ ਸਨ। ਇਸੇ ਤਰ੍ਹਾਂ ਜ਼ਹਿਰੀਲੀ ਸ਼ਰਾਬ ਮਾਮਲੇ ਵਿਚ ਗ੍ਰਿਫ਼ਤਾਰ ਕੀਤੀ ਬਲਵਿੰਦਰ ਕੌਰ ਦੇ ਪਤੀ ਜਸਵੰਤ ਸਿੰਘ ਦਾ ਅੱਜ ਤੀਸਰੇ ਦਿਨ ਪੋਸਟ ਮਾਰਟਮ ਹੋ ਸਕਿਆ ਪਰ ਉਸ ਦੇ ਘਰ ਨੂੰ ਜਿੰਦਰਾ ਵੱਜਾ ਹੋਇਆ ਹੈ।