ਦਵਿੰਦਰ ਪਾਲ
ਚੰਡੀਗੜ੍ਹ, 15 ਮਾਰਚ
ਪੰਜਾਬ ਵਿਧਾਨ ਸਭਾ ਚੋਣਾਂ ’ਚ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਮੰਥਨ ਦੇ ਰਾਹ ਪਏ ਸ਼੍ਰੋਮਣੀ ਅਕਾਲੀ ਦਲ ਦੇ ਭਵਿੱਖ ਵਿੱਚ ਵੀ ਵੱਡੀਆਂ ਚੁਣੌਤੀਆਂ ਖੜ੍ਹੀਆਂ ਹਨ। ਪਾਰਟੀ ਦੇ ਆਗੂ ਅੰਦਰਖਾਤੇ ਇਹ ਗੱਲ ਮੰਨ ਰਹੇ ਹਨ ਕਿ ਬੀਤੇ ਸਮੇਂ ’ਚ ਹੋਈਆਂ ਗਲਤੀਆਂ ਤੋਂ ਸਬਕ ਨਾ ਸਿੱਖਣ ਅਤੇ ਕਾਂਗਰਸ ਦੇ ਪੰਜ ਸਾਲ ਦੇ ਰਾਜ ਦੌਰਾਨ ਅਕਾਲੀ ਦਲ ਅਤੇ ਕਾਂਗਰਸੀ ਆਗੂਆਂ ਦੇ ਅੰਦਰਖਾਤੇ ਘਿਓ-ਖਿਚੜੀ ਹੋਣ ਦੀ ਗੱਲ ਲੋਕਾਂ ਦੇ ਮਨਾਂ ’ਚ ਘਰ ਕਰ ਜਾਣ ਕਾਰਨ ਲੋਕ ਪਾਰਟੀ ਨਾਲੋਂ ਟੁੱਟ ਚੁੱਕੇ ਹਨ।
ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਕਿਹਾ ਕਿ ਜਿੰਨੀ ਮਰਜ਼ੀ ਪਰਦਾ ਪੋਸ਼ੀ ਕਰ ਲਈਏ ਪਰ ਇੱਕ ਗੱਲ ਸਾਫ ਹੈ ਕਿ ਸਿੱਖ ਅਤੇ ਕਿਸਾਨੀ ਵੋਟ ਦੇ ਵੱਡੇ ਹਿੱਸੇ ਸਮੇਤ ਨੌਜਵਾਨ ਵਰਗ ਵੀ ਅੱਜ ਅਕਾਲੀ ਦਲ ਨਾਲ ਤੁਰਨ ਲਈ ਤਿਆਰ ਨਹੀਂ ਹੈ। ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਕਸਰ ਚੰਡੀਗੜ੍ਹ ਦੇ ਅਲੀਸ਼ਾਨ ਦਫਤਰਾਂ ’ਚ ਬੈਠ ਕੇ ਸਲਾਹਾਂ ਦੇਣ ਵਾਲਿਆਂ ਦੀਆਂ ਗੱਲਾਂ ’ਤੇ ਜ਼ਿਆਦਾ ਯਕੀਨ ਕਰਦੇ ਹਨ। ਜ਼ਮੀਨੀ ਹਕੀਕਤਾਂ ਤੋਂ ਦੂਰ ਰਹਿਣ ਕਰ ਕੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਲ ਨਾਲੋਂ ਟੁੱਟ ਚੁੱਕੀ ਹੈ। ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਹਾਰ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਅਕਾਲੀ ਦਲ ਖ਼ਿਲਾਫ਼ ਬਹੁਤ ਤਿੱਖਾ ਪ੍ਰਚਾਰ ਹੋਇਆ ਹੈ। ਇਸ ਕਰਕੇ ਬਾਦਲ ਪਰਿਵਾਰ ਸਮੇਤ ਪਾਰਟੀ ਦੇ ਹੋਰਨਾਂ ਆਗੂਆਂ ਨੂੰ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਸਮੇਂ ਸੰਕਟ ਵਿੱਚ ਘਿਰੇ ਦਿਖਾਈ ਦੇ ਰਹੇ ਹਨ ਅਤੇ ਉਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਵਾਂਗ ਸੰਕਟ ਮੋਚਕ ਦੇ ਰੂਪ ’ਚ ਸਾਹਮਣੇ ਆਏ ਹਨ। ਦੇਖਿਆ ਜਾਵੇ ਤਾਂ ਸਾਲ 2012 ਦੀਆਂ ਚੋਣਾਂ ਤੋਂ ਬਾਅਦ ਜਦੋਂ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਦਾ ਮੁੜ ਗਠਨ ਹੋਇਆ ਸੀ, ਉਦੋਂ ਤੋਂ ਪਾਰਟੀ ਦੀ ਮੁਕੰਮਲ ਕਮਾਨ ਸੁਖਬੀਰ ਦੇ ਹੱਥਾਂ ਵਿੱਚ ਹੈ। ਪਾਰਟੀ ਦੇ ਵੱਡੇ ਫੈਸਲੇ ਭਾਵੇਂ ਕੋਰ ਕਮੇਟੀ ਵਿੱਚ ਵਿਚਾਰੇ ਜਾਂਦੇ ਹਨ ਪਰ ਆਮ ਤੌਰ ’ਤੇ ਪ੍ਰਭਾਵ ਇਹੀ ਮੰਨਿਆ ਜਾਂਦਾ ਹੈ ਕਿ ਕੋਰ ਕਮੇਟੀ ਤਾਂ ਮਹਿਜ਼ ਮੋਹਰ ਹੀ ਲਾਉਂਦੀ ਹੈ, ਫ਼ੈਸਲੇ ਤਾਂ ਸੁਖਬੀਰ ਸਿੰਘ ਬਾਦਲ ਦੇ ਹੀ ਹੁੰਦੇ ਹਨ। ਸਾਲ 2017 ਅਤੇ 2022 ਦੌਰਾਨ ਟਿਕਟਾਂ ਦੀ ਵੰਡ ਦਾ ਕੰਮ ਇੱਕ ਤਰ੍ਹਾਂ ਨਾਲ ਸੁਖਬੀਰ ਬਾਦਲ ਦੇ ਹੱਥ ਸੀ। ਇਹ ਵੀ ਜ਼ਿਕਰਯੋਗ ਹੈ ਕਿ ਜਦੋਂ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਪ੍ਰਮੁੱਖ ਵਿਰੋਧੀ ਧਿਰ ਬਣਨ ਦੀ ਹੈਸੀਅਤ ਵਿੱਚ ਵੀ ਨਹੀਂ ਸੀ ਤਾਂ ਸੁਖਦੇਵ ਢੀਂਡਸਾ ਨੇ ਪਹਿਲੀ ਹੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਹਾਰ ਦੀ ਜ਼ਿੰਮੇਵਾਰੀ ਤੈਅ ਕਰਨ ਅਤੇ ਪਾਰਟੀ ਦੀ ਕਮਾਨ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਹੱਥਾਂ ’ਚ ਲੈਣ ਦੀ ਗੱਲ ਕਹੀ ਸੀ। ਇਸ ਗੱਲ ਨੂੰ ਜਦੋਂ ਮੁੱਢੋ ਹੀ ਰੱਦ ਕਰ ਦਿੱਤਾ ਗਿਆ ਤਾਂ ਪਾਰਟੀ ਆਗੂਆਂ ਵਿਚਾਲੇ ਅਜਿਹੀਆਂ ਦੂਰੀਆਂ ਬਣੀਆਂ ਕਿ ਸੁਖਦੇਵ ਸਿੰਘ ਢੀਂਡਸਾ ਤੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਆਦਿ ਆਗੂ ਪਾਰਟੀ ਤੋਂ ਦੂਰ ਚਲੇ ਗਏ। ਜਥੇਦਾਰ ਬ੍ਰਹਮਪੁਰਾ ਨੇ ਭਾਵੇਂ ਮੁੜ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ ਸੀ ਪਰ ਪਾਰਟੀ ਅੰਦਰ ਜੋ ਮਾਹੌਲ ਬਣਿਆ, ਉਸ ਨੂੰ ਸੰਭਾਲਣ ਵਿੱਚ ਪਾਰਟੀ ਕਾਮਯਾਬ ਨਾ ਹੋ ਸਕੀ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਾ ਕਹਿਣਾ ਹੈ ਕਿ ਪਾਰਟੀ ਵਿੱਚ ਇਸ ਸਮੇਂ ਅਜਿਹਾ ਕੋਈ ਆਗੂ ਨਹੀਂ ਹੈ, ਜੋ ਸੂਬੇ ਦੇ ਨੌਜਵਾਨਾਂ ਨੂੰ ਪ੍ਰਭਾਵਿਤ ਕਰਨ ਦੀ ਹੈਸੀਅਤ ਰੱਖਦਾ ਹੋਵੇ। ਇਸ ਦੇ ਮੁਕਾਬਲੇ ‘ਆਪ’ ਦੇ ਮਨੋਨੀਤ ਮੁੱਖ ਮੰਤਰੀ ਭਗਵੰਤ ਮਾਨ ਨੌਜਵਾਨਾਂ ਨੂੰ ਆਪਣੇ ਨਾਲ ਜੋੜਨ ਦੀ ਸਮਰੱਥਾ ਰੱਖਦੇ ਹਨ। ਅਕਾਲੀ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਵੀ ਭਾਵੇਂ ਹਾਰ ਚੁੱਕੇ ਹਨ ਪਰ ਨੌਜਵਾਨਾਂ ਦਾ ਇੱਕ ਵਰਗ ਉਨ੍ਹਾਂ ਦੀ ਵੀ ਗੱਲ ਸੁਣਦਾ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਅੱਜ ਕੋਰ ਕਮੇਟੀ ਦੇ ਮੈਂਬਰਾਂ ਨਾਲ ਇਕੱਲਿਆਂ ਗੱਲ ਕੀਤੀ ਅਤੇ ਜ਼ਿਆਦਾਤਰ ਆਗੂਆਂ ਨੇ ਇਸ ਤਰ੍ਹਾਂ ਦੇ ਹੀ ਵਿਚਾਰ ਪਾਰਟੀ ਪ੍ਰਧਾਨ ਦੇ ਸਾਹਮਣੇ ਰੱਖੇ ਹਨ। ਸੁਖਬੀਰ ਪਾਰਟੀ ਦੇ ਉਮੀਦਵਾਰਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਨਾਲ ਵੀ ਮੀਟਿੰਗਾਂ ਕਰਨਗੇ।
ਪਾਰਟੀ ਨੂੰ ਪੈਰਾਂ ਸਿਰ ਕਰਨ ਲਈ ਅਕਾਲੀ ਆਗੂ ਸੰਘਰਸ਼ ਨੂੰ ਤਿਆਰ
ਪਾਰਟੀ ਦੇ ਇੱਕ ਬੁਲਾਰੇ ਨੇ ਕਿਹਾ ਕਿ ਬਿਨਾਂ ਸ਼ੱਕ ਅਕਾਲੀ ਦਲ ਇਸ ਸਮੇਂ ਬੇਹੱਦ ਸੰਕਟ ਭਰੇ ਦੌਰ ਵਿੱਚੋਂ ਲੰਘ ਰਿਹਾ ਹੈ ਪਰ ਪੰਜਾਬ ਦੀ ਰਾਜਨੀਤੀ ਵਿੱਚ ਅਕਾਲੀ ਦਲ ਨੂੰ ਮਨਫੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਪਾਰਟੀ ਦਾ 100 ਸਾਲ ਤੋਂ ਵੱਧ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਇਸ ਆਗੂ ਦਾ ਕਹਿਣਾ ਹੈ ਕਿ 1989 ਦੇ ਦੌਰ ਦੌਰਾਨ ਵੀ ਪਾਰਟੀ ਨੂੰ ਸਿਆਸੀ ਤੌਰ ’ਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਪਾਰਟੀ ਨੇ ਆਪਣੇ ਆਪ ਨੂੰ ਮੁੜ ਖੜ੍ਹਾ ਕਰ ਕੇ ਪੰਜਾਬ ਵਿੱਚ 15 ਸਾਲ ਤੱਕ ਹਕੂਮਤ ਕੀਤੀ ਸੀ। ਇਸ ਲਈ ਭਵਿੱਖ ਵਿੱਚ ਵੀ ਪਾਰਟੀ ਸੰਘਰਸ਼ ਲਈ ਤਿਆਰ ਹੈ।