ਲੁਧਿਆਣਾ: ਇਥੇ ਇੱਕ ਐੱਸਐੱਚਓ ਨੇ ਏਸੀਪੀ ਵੱਲੋਂ ਫੋਨ ’ਤੇ ਵਰਤੀ ਗਈ ਗ਼ਲਤ ਸ਼ਬਦਾਵਲੀ ਤੋਂ ਬਾਅਦ ਆਪਣੇ ਥਾਣੇ ਵਿੱਚ ਅਧਿਕਾਰੀ ਵਿਰੁੱਧ ਰਪਟ ਲਿਖ ਦਿੱਤੀ ਅਤੇ ਇਸ ਤੋਂ ਬਾਅਦ ਥਾਣਾ ਮੁਖੀ ਦਵਿੰਦਰ ਸ਼ਰਮਾ ਥਾਣਾ ਰਿਲੀਵ ਕਰਕੇ ਪੁਲੀਸ ਲਾਈਨ ਚਲਾ ਗਿਆ। ਇਹ ਰਪਟ ਏਸੀਪੀ ਰਾਜੇਸ਼ ਸ਼ਰਮਾ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ। ਥਾਣਾ ਮੁਖੀ ਨੇ ਰਪਟ ’ਚ ਲਿਖਿਆ ਕਿ ਉਹ ਆਪਣੇ ਥਾਣੇ ’ਚ 23 ਮਈ ਨੂੰ ਬੈਠੇ ਸਨ। ਇਸੇ ਦੌਰਾਨ ਉਨ੍ਹਾਂ ਦੇ ਪ੍ਰਾਈਵੇਟ ਨੰਬਰ ’ਤੇ ਏਸੀਪੀ ਇੰਡਸਟਰੀ ਏਰੀਆ-ਬੀ ਰਾਜੇਸ਼ ਸ਼ਰਮਾ ਦਾ ਫੋਨ ਆਇਆ ਤੇ ਕਿਸੇ ਮਾਮਲੇ ਏਸੀਪੀ ਭੜਕ ਗਏ ਤੇ ਉਨ੍ਹਾਂ ਨਾਲ ਗਲਤ ਸ਼ਬਦਾਵਲੀ ਵਰਤੀ। ਇਸ ਲਈ ਉਹ ਆਪਣੇ ਸਨਮਾਨ ਲਈ ਖੁਦ ਥਾਣਾ ਛੱਡ ਕੇ ਪੁਲੀਸ ਲਾਈਨ ’ਚ ਹਾਜ਼ਰੀ ਪਾ ਰਿਹਾ ਹੈ। ਦਰਅਸਲ, ਡਾਬਾ ਇਲਾਕੇ ’ਚ ਕੁਝ ਦਿਨ ਪਹਿਲਾਂ ਪਰਿਵਾਰ ਨੂੰ ਬੰਦੀ ਬਣਾ ਕੇ ਲੁੱਟ ਹੋਈ ਸੀ। 2 ਦਿਨਾਂ ਦੇ ਅੰਦਰ ਹੀ ਮਾਮਲਾ ਹੱਲ ਕਰਕੇ ਮੁਲਜ਼ਮਾਂ ਨੂੰ ਕਾਬੂ ਵੀ ਕਰ ਲਿਆ ਗਿਆ ਸੀ। ਏਡੀਸੀਪੀ-2 ਬਲਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਕੇਸ ’ਚ ਦਸਤਾਵੇਜ਼ ਤਿਆਰ ਕਰਨ ਸਮੇਂ ਐੱਸਐੱਚਓ ਤੋਂ ਲਾਪ੍ਰਵਾਹੀ ਵਰਤੀ ਗਈ ਸੀ। ਇਸ ਲਈ ਏਸੀਪੀ ਨੇ ਉਸ ਨੂੰ ਸਮਝਾਇਆ ਸੀ। ਇਸ ਗੱਲ ਦਾ ਉਹ ਗੁੱਸਾ ਕਰ ਗਿਆ। -ਟਨਸ