ਜਗਮੋਹਨ ਸਿੰਘ
ਰੂਪਨਗਰ/ਘਨੌਲੀ, 10 ਅਕਤੂਬਰ
ਅੰਬੂਜਾ ਸੀਮਿੰਟ ਕੰਪਨੀ ਦੇ ਨਵੇਂ ਮਾਲਕ ਗੌਤਮ ਅਡਾਨੀ ਦਾ ਵੱਡਾ ਪੁੱਤਰ ਕਰਨ ਅਡਾਨੀ ਅੱਜ ਬਾਅਦ ਦੁਪਹਿਰ ਦਬੁਰਜੀ ਸਥਿਤ ਫੈਕਟਰੀ ਦਾ ਜਾਇਜ਼ਾ ਲੈਣ ਪਹੁੰਚਿਆ।
ਕਰਨ ਅਡਾਨੀ ਦੇ ਇਸ ਦੌਰੇ ਦੀ ਅਗਾਊਂ ਖ਼ੁੁਬਰ ਮਿਲਣ ਮਗਰੋਂ ਫੈਕਟਰੀ ਖ਼ਿਲਾਫ਼ ਅਪਰੈਲ ਮਹੀਨੇ ਤੋਂ ਪੱਕਾ ਧਰਨਾ ਲਾ ਕੇ ਬੈਠੇ ਲੋਕਾਂ ਨੇ ਕਾਲੇ ਝੰਡੇ ਦਿਖਾਉਣ ਦਾ ਪ੍ਰੋਗਰਾਮ ਉਲੀਕਿਆ ਸੀ, ਪਰ ਉਨ੍ਹਾਂ ਨੂੰ ਭੁਲੇਖਾ ਪਾਉਣ ਲਈ ਪੁਲੀਸ ਵੱਲੋਂ ਜਾਣ ਬੁੱਝ ਕੇ ਫੈਕਟਰੀ ਦੇ ਦੱਖਣ ਵਾਲੇ ਗੇਟ ’ਤੇ ਭਾਰੀ ਪੁਲੀਸ ਬਲ ਤਾਇਨਾਤ ਕੀਤਾ ਗਿਆ, ਜਦਕਿ ਡੀਐੱਸਪੀ ਤਰਲੋਚਨ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਕਰਨ ਅਡਾਨੀ ਨੂੰ ਲੋਦੀਮਾਜਰਾ-ਗੁੰਨੋਮਾਜਰਾ ਹੁੰਦੇ ਹੋਏ ਫੈਕਟਰੀ ਦੇ ਉੱਤਰ ਵਾਲੇ ਗੇਟ ਰਾਹੀਂ ਅੰਦਰ ਲੈ ਗਈ। ਇੱਥੇ ਉਹ ਫੈਕਟਰੀ ਅਧਿਕਾਰੀਆਂ ਨਾਲ ਮੀਟਿੰਗ ਕਰਨ ਮਗਰੋਂ ਵਾਪਸ ਚਲੇ ਗਏ। ਇਸ ਦੌਰਾਨ ਧਰਨਾਕਾਰੀਆਂ ਨੇ ਜ਼ਿਲ੍ਹਾ ਪ੍ਰਸਾਸ਼ਨ ਅਤੇ ਪੁਲੀਸ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਪੁਲੀਸ ਨੇ ਮੀਡੀਆ ਨੂੰ ਵੀ ਫੈਕਟਰੀ ਦੇ ਅੰਦਰ ਨਹੀਂ ਜਾਣ ਦਿੱਤਾ। ਉੱਧਰ ਧਰਨਾਕਾਰੀਆਂ ਦੇ ਆਗੂਆਂ ਰਾਜਿੰਦਰ ਸਿੰਘ ਘਨੌਲਾ, ਕੁਲਦੀਪ ਸਿੰਘ ਜੇਈ, ਤਜਿੰਦਰ ਸਿੰਘ ਲੋਹਗੜ੍ਹ ਫਿੱਡੇ ਤੇ ਅਮਰਜੀਤ ਕੌਰ ਸਰਪੰਚ ਨੂੰਹੋਂ ਨੇ ਦੋਸ਼ ਲਾਇਆ ਕਿ ਪੁਲੀਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਕਾਫੀ ਦੇਰ ਤੋਂ ਫੈਕਟਰੀ ਦੇ ਨਵੇਂ ਮਾਲਕਾਂ ਨਾਲ ਮਿਲਵਾਉਣ ਦਾ ਲਾਰਾ ਲਗਾਇਆ ਜਾ ਰਿਹਾ ਸੀ, ਪਰ ਅੱਜ ਜਦੋਂ ਕਰਨ ਅਡਾਨੀ ਨੇ ਫੈਕਟਰੀ ਦਾ ਦੌਰਾ ਕੀਤਾ ਤਾਂ ਉਨ੍ਹਾਂ ਨੂੰ ਘੇਰਾ ਪਾ ਕੇ ਡੱਕ ਲਿਆ। ਇਸ ਸਬੰਧੀ ਡੀਐੱਸਪੀ ਤਰਲੋਚਨ ਸਿੰਘ ਨੇ ਕਿਹਾ ਕਿ ਉਨ੍ਹਾਂ ਕਰਨ ਅਡਾਨੀ ਨਾਲ ਧਰਨਾਕਾਰੀਆਂ ਦੀ ਮੀਟਿੰਗ ਕਰਾਉਣ ਲਈ ਗੱਲਬਾਤ ਕੀਤੀ ਸੀ, ਪਰ ਉਨ੍ਹਾਂ ਇਹ ਕਹਿੰਦਿਆਂ ਮੀਟਿੰਗ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਹਾਲੇ ਉਹ ਲੋਕਾਂ ਦੇ ਮਸਲਿਆਂ ਸਬੰਧੀ ਫੈਕਟਰੀ ਦੇ ਸਥਾਨਕ ਅਧਿਕਾਰੀਆਂ ਤੋਂ ਫੀਡਬੈਕ ਲੈ ਰਹੇ ਹਨ ਤੇ ਕੁਝ ਦਿਨਾਂ ਬਾਅਦ ਮੁੜ ਗੇੜਾ ਮਾਰ ਕੇ ਲੋਕਾਂ ਨਾਲ ਮੁਲਾਕਾਤ ਕਰਨਗੇ।