ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 22 ਮਈ
ਲੁਧਿਆਣਾ ਅਦਾਲਤੀ ਕੰਪਲੈਕਸ ਵਿਚ ਬੰਬ ਧਮਾਕੇ ਮਾਮਲੇ ਵਿਚ ਫੜੇ ਗਏ ਮੁਲਜ਼ਮਾਂ ਕੋਲੋਂ ਕੀਤੀ ਜਾ ਰਹੀ ਪੁੱਛਗਿਛ ਦੌਰਾਨ ਖੁਲਾਸਾ ਹੋਇਆ ਕਿ ਪਾਕਿਸਤਾਨ ਤੋਂ ਆਈ ਵਿਸਫੋਟਕ ਸਮੱਗਰੀ ਆਈਈਡੀ ਨੂੰ ਜਨਤਕ ਥਾਵਾਂ ਸਮੇਤ ਰੇਲ ਗੱਡੀਆਂ ਵਿਚ ਲਾ ਕੇ ਧਮਾਕੇ ਕਰਨ ਦੀ ਯੋਜਨਾ ਸੀ ਤਾਂ ਕਿ ਸੂਬੇ ਦੇ ਮਾਹੌਲ ਨੂੰ ਖਰਾਬ ਕੀਤਾ ਜਾ ਸਕੇ। ਇਹ ਖੁਲਾਸਾ ਇਸ ਮਾਮਲੇ ਵਿਚ ਗ੍ਰਿਫਤਾਰ ਸੁਰਮੁਖ ਸਿੰਘ ਅਤੇ ਦਿਲਬਾਗ ਸਿੰਘ ਕੋਲੋਂ ਐਸਟੀਐਫ ਵਲੋਂ ਕੀਤੀ ਜਾ ਰਹੀ ਪੁੱਛਗਿਛ ਦੌਰਾਨ ਹੋਇਆ ਹੈ।
ਇਸ ਮਾਮਲੇ ਵਿਚ ਐਸਟੀਐਫ ਵਲੋਂ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਚ ਇਕ ਨਾਬਾਲਗ ਵੀ ਸ਼ਾਮਲ ਹੈ। ਹੁਣ ਇਸ ਮਾਮਲੇ ਦੀ ਜਾਂਚ ਐਨਆਈਏ ਕਰ ਰਹੀ ਹੈ। ਐਨਆਈਏ ਵਲੋਂ ਵੀ ਗ੍ਰਿਫਤਾਰ ਕੀਤੇ ਇਨ੍ਹਾਂ ਵਿਅਕਤੀਆਂ ਕੋਲੋਂ ਪੁੱਛਗਿਛ ਕੀਤੀ ਗਈ ਹੈ। ਸੂਤਰਾਂ ਮੁਤਾਬਕ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਇਹ ਵਿਅਕਤੀ ਪਾਕਿਸਤਾਨ ਤੋਂ ਮੰਗਵਾਈ ਵਿਸਫੋਟਕ ਸਮੱਗਰੀ ਨੂੰ ਭੀੜ ਭੜੱਕੇ ਵਾਲੀਆਂ ਜਨਤਕ ਥਾਵਾਂ ’ਤੇ ਲਾ ਕੇ ਧਮਾਕੇ ਕਰਨਾ ਚਾਹੁੰਦੇ ਸਨ ਤਾਂ ਕਿ ਵਧੇਰੇ ਜਾਨ ਮਾਲ ਦਾ ਨੁਕਸਾਨ ਹੋਵੇ। ਇਹ ਵੀ ਪਤਾ ਲੱਗਾ ਹੈ ਕਿ ਵਿਸਫੋਟਕ ਸਮੱਗਰੀ ਦੀ ਇਹ ਖੇਪ ਪਾਕਿਸਤਾਨ ਤੋਂ ਡਰੋਨ ਰਾਹੀਂ ਭਾਰਤੀ ਖੇਤਰ ਵਿਚ ਸੁੱਟੀ ਗਈ ਸੀ ਅਤੇ ਇਹ ਵਿਸਫੋਟਕ ਸਮੱਗਰੀ ਸੁਰਮੁਖ ਸਿੰਘ ਲਈ ਆਈ ਸੀ, ਜਿਸ ਨੂੰ ਦਿਲਬਾਗ ਸਿੰਘ ਨੇ ਪ੍ਰਾਪਤ ਕੀਤਾ ਸੀ। ਦਿਲਬਾਗ ਸਿੰਘ ਨੂੰ ਇਕ ‘ਕੈਰੀਅਰ’ ਵਜੋਂ ਵਰਤਿਆ ਜਾ ਰਿਹਾ ਸੀ। ਉਸ ਨੂੰ ਹਰੇਕ ਖੇਪ ਨੂੰ ਪ੍ਰਾਪਤ ਕਰਨ ਅਤੇ ਵਿਸਫੋਟਕ ਸਮੱਗਰੀ ਨੂੰ ਧਮਾਕਾ ਕਰਨ ਲਈ ਲਾਉਣ ਵਾਸਤੇ ਪੰਜ ਲੱਖ ਰੁਪਏ ਦਿੱਤੇ ਜਾਣੇ ਸਨ। ਇਸੇ ਤਰ੍ਹਾਂ ਹੈਰੋਇਨ ਦੀ ਖੇਪ ਲਈ ਉਸ ਨੂੰ ਦੋ ਲੱਖ ਰੁਪਏ ਦਿੱਤੇ ਜਾਂਦੇ ਸਨ। ਦਿਲਬਾਗ ਸਿੰਘ ਦੀ ਸਰਹੱਦ ’ਤੇ ਕੰਡਿਆਲੀ ਤਾਰ ਤੋਂ ਪਾਰ ਚਾਰ ਏਕੜ ਜ਼ਮੀਨ ਹੈ, ਜਿਸ ਦਾ ਉਹ ਤਸਕਰੀ ਵਾਸਤੇ ਲਾਹਾ ਲੈ ਰਿਹਾ ਸੀ। ਉਸ ਨੇ ਆਈਈਡੀ ਦੀ ਖੇਪ ਪ੍ਰਾਪਤ ਕਰਨ ਮਗਰੋਂ ਇਸ ਨੂੰ ਗਗਨਦੀਪ ਨੂੰ ਸੌਂਪ ਦਿੱਤਾ ਸੀ, ਜਿਸ ਨੇ ਇਸ ਨੂੰ ਲੁਧਿਆਣਾ ਅਦਾਲਤੀ ਕੰਪਲੈਕਸ ’ਚ ਧਮਾਕਾ ਕਰਨ ਲਈ ਵਰਤਿਆ ਤੇ ਧਮਾਕੇ ’ਚ ਉਹ ਖੁਦ ਵੀ ਮਾਰਿਆ ਗਿਆ।