ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 25 ਮਈ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਰਬਾਰ ਸਾਹਿਬ ਵਿਖੇ ਤੰਤੀ ਸਾਜ਼ਾਂ ਨਾਲ ਗੁਰਬਾਣੀ ਦਾ ਕੀਰਤਨ ਸ਼ੁਰੂ ਕਰਨ ਦੇ ਫ਼ੈਸਲੇ ਨੂੰ ਲਾਗੂ ਕਰਨ ਵਿੱਚ ਫਿਲਹਾਲ ਸਮਾਂ ਲੱਗੇਗਾ।
ਜ਼ਿਕਰਯੋਗ ਹੈ ਕਿ ਅਕਾਲ ਤਖ਼ਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਹੋਈ ਇਕੱਤਰਤਾ ਤੋਂ ਬਾਅਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਤਿੰਨ ਮਈ ਨੂੰ ਸ਼੍ਰੋਮਣੀ ਕਮੇਟੀ ਨੂੰ ਹੁਕਮ ਦਿੱਤਾ ਸੀ ਕਿ ਦਰਬਾਰ ਸਾਹਿਬ ਵਿਖੇ ਪੁਰਾਤਨ ਸ਼ੈਲੀ ਅਨੁਸਾਰ ਤੰਤੀ ਸਾਜ਼ਾਂ ਨਾਲ ਗੁਰਬਾਣੀ ਦਾ ਕੀਰਤਨ ਕਰਨ ਦੇ ਯਤਨ ਕੀਤੇ ਜਾਣ। ਇਸ ਸਬੰਧੀ ਤਿੰਨ ਸਾਲ ਦਾ ਸਮਾਂ ਦਿੱਤਾ ਗਿਆ ਸੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਤੰਤੀ ਸਾਜ਼ਾਂ ਨਾਲ ਕੀਰਤਨ ਤੁਰੰਤ ਸ਼ੁਰੂ ਕਰਨ ਦੀ ਯੋਜਨਾ ਸੀ ਕਿਉਂਕਿ ਸ਼੍ਰੋਮਣੀ ਕਮੇਟੀ ਕੋਲ ਤੰਤੀ ਸਾਜ਼ਾਂ ਨਾਲ ਕੀਰਤਨ ਕਰਨ ਵਾਲੇ ਚਾਰ ਜਥੇ ਹਨ। ਉਨ੍ਹਾਂ ਦੱਸਿਆ ਕਿ ਇਸ ਵੇਲੇ ਤਿੰਨ ਜਥੇ ਵਿਦੇਸ਼ ਗਏ ਹੋਏ ਹਨ, ਜਿਨ੍ਹਾਂ ਦੀ ਵਾਪਸੀ ਮਗਰੋਂ ਹੀ ਇਹ ਯੋਜਨਾ ਆਰੰਭ ਹੋ ਸਕੇਗੀ। ਉਨ੍ਹਾਂ ਕਿਹਾ ਕਿ ਰਾਗੀ ਜਥਿਆਂ ਨੂੰ ਵੀ ਆਖਿਆ ਗਿਆ ਹੈ ਕਿ ਉਹ ਤੰਤੀ ਸਾਜ਼ਾਂ ਦੀ ਸਿਖਲਾਈ ਲੈਣ। ਇਸ ਸਬੰਧੀ ਇਕ ਸਬ ਕਮੇਟੀ ਵੀ ਬਣਾਈ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਤੰਤੀ ਸਾਜ਼ਾਂ ਨਾਲ ਕੀਰਤਨ ਨੂੰ ਸ਼ੁਰੂ ਕਰਨ ਦੇ ਆਦੇਸ਼ ਨੂੰ ਪੂਰਾ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ਚਲਾਏ ਜਾ ਰਹੇ ਗੁਰਮਤਿ ਸੰਗੀਤ ਵਿਦਿਆਲਾ ਅਤੇ ਮਿਸ਼ਨਰੀ ਕਾਲਜਾਂ ਵਿੱਚ ਕੀਰਤਨ ਸਿਖਲਾਈ ਲੈਣ ਵਾਲੇ ਵਿਦਿਆਰਥੀਆਂ ਨੂੰ ਤੰਤੀ ਸਾਜ਼ਾਂ ਦਾ ਅਭਿਆਸ ਲਾਜ਼ਮੀ ਕਰਨ ਲਈ ਆਖਿਆ ਗਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਚਲਾਏ ਜਾ ਰਹੇ ਗਿਆਨੀ ਸੋਹਣ ਸਿੰਘ, ਸ਼ੀਤਲ ਸਿੰਘ ਢਾਡੀ ਤੇ ਕਵੀਸ਼ਰ ਗੁਰਮਤਿ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਤੇ ਗੁਰਮਤਿ ਸੰਗੀਤ ਦੇ ਮਾਹਿਰ ਸੁਰਜੀਤ ਸਿੰਘ ਨੇ ਦੱਸਿਆ ਕਿ ਕੀਰਤਨ ਲਈ ਤੰਤੀ ਸਾਜ਼ਾਂ ਵਿੱਚੋਂ ਰਬਾਬ, ਸਾਰੰਦਾ, ਤਾਊਸ, ਦਿਲਰੁਬਾ ਤੇ ਇਸਰਾਜ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਦਿੱਲੀ ਕਮੇਟੀ ਵੱਲੋਂ ਵੀ ਹੁਕਮ ਜਾਰੀ
ਦਿੱਲੀ ਕਮੇਟੀ ਨੇ ਵੀ ਆਪਣੇ ਸਮੂਹ ਹਜ਼ੂਰੀ ਰਾਗੀ ਜਥਿਆਂ ਨੂੰ ਇਕ ਸਰਕੁਲਰ ਰਾਹੀਂ ਹੁਕਮ ਦਿੱਤਾ ਹੈ ਕਿ ਸ੍ਰੀ ਅਕਾਲ ਤਖ਼ਤ ਦੇ ਆਦੇਸ਼ ਮੁਤਾਬਕ ਗੁਰਦੁਆਰਿਆਂ ਵਿੱਚ ਤੰਤੀ ਸਾਜ਼ਾਂ ਨਾਲ ਨਿਰਧਾਰਤ ਰਾਗਾਂ ਵਿੱਚ ਕੀਰਤਨ ਕੀਤਾ ਜਾਵੇ। ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਵੱਲੋਂ ਰਾਗੀ ਜਥਿਆਂ ਨੂੰ ਆਦੇਸ਼ ਦਿੱਤਾ ਗਿਆ ਕਿ ਉਹ ਛੇ ਮਹੀਨਿਆਂ ਵਿੱਚ 23 ਨਵੰਬਰ 2022 ਤਕ ਛੇਤੀ ਤੋਂ ਛੇਤੀ ਤੰਤੀ ਸਾਜ਼ਾਂ ਦਾ ਅਭਿਆਸ ਕਰਕੇ ਕੀਰਤਨ ਕਰਨਾ ਆਰੰਭ ਕਰ ਦੇਣ।