ਚਰਨਜੀਤ ਭੁੱਲਰ
ਚੰਡੀਗੜ੍ਹ, 27 ਅਕਤੂਬਰ
ਪੰਜਾਬ ਦੇ ਕਿਸਾਨ ਅੰਦੋਲਨ ’ਚ ‘ਖੇਤਾਂ ਦਾ ਰਾਜਾ’ ਭੱਲ ਖੱਟ ਗਿਆ ਹੈ। ਕੇਂਦਰੀ ਖੇਤੀ ਕਾਨੂੰਨਾਂ ਦਾ ਭਵਿੱਖ ਕੁਝ ਵੀ ਹੋਵੇ ਪ੍ਰੰਤੂ ਪੰਜਾਬ ’ਚ ਟਰੈਕਟਰ ਪ੍ਰਤੀ ਖਿੱਚ ਵਧੀ ਹੈ। ਕੋਵਿਡ ਦੇ ਬਾਵਜੂਦ ਪੰਜਾਬ ’ਚ ਟਰੈਕਟਰਾਂ ਦੀ ਸੇਲ ਇੱਕਦਮ ਵਾਧਾ ਇਸ ਦਾ ਗਵਾਹ ਹੈ। ਹਾਲਾਂਕਿ ਵਿਕਰੀ ’ਚ ਵਾਧੇ ਦੇ ਕਾਰਨ ਹੋਰ ਵੀ ਹਨ ਪ੍ਰੰਤੂ ਟਰੈਕਟਰ ਮਾਰਚਾਂ ਅਤੇ ਕਿਸਾਨ ਅੰਦੋਲਨਾਂ ‘ਚ ਟਰੈਕਟਰ ਦਾ ਉਭਾਰ ਵੀ ਵੱਡਾ ਕਾਰਨ ਬਣਿਆ ਹੈ। ਵੇਰਵਿਆਂ ਅਨੁਸਾਰ ਦੇਸ਼ ਭਰ ਵਿਚ 21 ਟਰੈਕਟਰ ਕੰਪਨੀਆਂ ਹਨ ਜਿਨ੍ਹਾਂ ਕੋਲ ਟਰੈਕਟਰ ਸਟਾਕ ਵਿਚ ਵੀ ਨਹੀਂ ਹਨ। ਟਰੈਕਟਰ ਹੁਣ ਬੁਕਿੰਗ ’ਤੇ ਮਿਲਣ ਲੱਗਾ ਹੈ। ਵੱਡੇ ਟਰੈਕਟਰਾਂ ਦੀ ਮੰਗ ਕੋਵਿਡ ਮਗਰੋਂ ਦੇਖਣ ’ਚ ਆਈ ਹੈ। ਪੰਜਾਬ ਵਿਚ ਜਨਵਰੀ 2020 ਤੋਂ ਹੁਣ ਤੱਕ (ਦਸ ਮਹੀਨੇ) ਦੌਰਾਨ 17,611 ਟਰੈਕਟਰਾਂ ਦੀ ਵਿਕਰੀ ਹੋਈ ਹੈ ਜਦੋਂ ਕਿ ਅਪਰੈਲ, ਮਈ ਤੇ ਜੂਨ ਮਹੀਨੇ ’ਚ ਕੋਵਿਡ ਕਰਕੇ ਵਿਕਰੀ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ ਹੈ। ਪੰਜਾਬ ਵਿੱਚ ਰੋਜ਼ਾਨਾ ਔਸਤਨ 55 ਟਰੈਕਟਰਾਂ ਦੀ ਵਿਕਰੀ ਹੈ। ਵੇਰਵਿਆਂ ਅਨੁਸਾਰ ਪੰਜਾਬ ਵਿਚ ਇਕੱਲੇ ਸਤੰਬਰ ਮਹੀਨੇ ‘ਚ 3037 ਟਰੈਕਟਰ ਵਿਕੇ ਹਨ ਜੋ ਆਪਣੇ ਆਪ ’ਚ ਰਿਕਾਰਡ ਹੈ। ਵਰ੍ਹਾ 2020 ਦੇ ਅਕਤੂਬਰ ਮਹੀਨੇ ਤੱਕ ਦੇਸ਼ ਭਰ ਵਿਚ 4.01 ਲੱਖ ਟਰੈਕਟਰਾਂ ਦੀ ਵਿਕਰੀ ਹੋਈ ਹੈ ਅਤੇ ਸਾਲ 2019 ਵਿਚ ਇਹ ਵਿਕਰੀ 4.52 ਲੱਖ ਰਹੀ ਹੈ। ਕੋਵਿਡ ਦਾ ਵੱਡਾ ਅਸਰ ਦੇਸ਼ ਵਿਚ ਵੇਖਣ ਨੂੰ ਮਿਲਿਆ ਹੈ। ਪੂਰੇ ਮੁਲਕ ਵਿਚ ਸਾਲ 2018 ਵਿਚ 4.36 ਲੱਖ, ਸਾਲ 2017 ਵਿਚ 3.91 ਲੱਖ ਅਤੇ ਸਾਲ 2016 ਵਿਚ 3.33 ਲੱਖ ਟਰੈਕਟਰਾਂ ਦੀ ਵਿਕਰੀ ਹੋਈ ਹੈ। ਦੇਸ਼ ’ਚੋਂ ਉੱਤਰੀ ਭਾਰਤ ਦੀ ਹਮੇਸ਼ਾ ਇਸ ਵਿਕਰੀ ’ਚ ਝੰਡੀ ਰਹੀ ਹੈ। ਤੱਥ ਗਵਾਹ ਹਨ ਕਿ ਪੰਜਾਬ ਵਿਚ ਸਾਲ 2016 ਵਿਚ 19,216 ਟਰੈਕਟਰ ਵਿਕੇ ਸਨ ਅਤੇ ਸਾਲ 2017 ਵਿਚ ਇਹ ਵਿਕਰੀ 20,334 ਟਰੈਕਟਰਾਂ ਦੀ ਹੋ ਗਈ। ਉਸ ਮਗਰੋਂ ਸਾਲ 2018 ਵਿਚ ਪੰਜਾਬ ਵਿਚ ਟਰੈਕਟਰਾਂ ਦੀ ਵਿਕਰੀ 19,698 ਰਹੀ ਜਦੋਂ ਕਿ ਸਾਲ 2019 ਵਿਚ ਪੰਜਾਬ ਵਿਚ 21,321 ਟਰੈਕਟਰ ਵਿਕੇ ਹਨ। ਐਤਕੀਂ ਇਹ ਅੰਕੜਾ ਪਾਰ ਹੋਣ ਦੀ ਸੰਭਾਵਨਾ ਹੈ ਪ੍ਰੰਤੂ ਟਰੈਕਟਰ ਕੰਪਨੀਆਂ ਕੋਲ ਸਟਾਕ ਮੁੱਕਿਆ ਪਿਆ ਹੈ। ਕੋਵਿਡ ਕਰਕੇ ਕੰਪਨੀਆਂ ਨੂੰ ਸਪੇਅਰ ਪਾਰਟਸ ਵੀ ਨਹੀਂ ਮਿਲ ਰਿਹਾ ਹੈ। ਕਈ ਕੰਪਨੀਆਂ ਨੂੰ ਆਪਣੇ ਪਲਾਂਟ ਬੰਦ ਵੀ ਕਰਨੇ ਪਏ ਸਨ। ਬਰਨਾਲਾ ਦੇ ਪਿੰਡ ਠੂਲੇਵਾਲ ਦੇ ਕਿਸਾਨ ਸਰਬਜੀਤ ਸਿੰਘ ਢਿਲੋਂ ਆਖਦੇ ਹਨ ਕਿ ਟਰੈਕਟਰ ਕਿਸਾਨੀ ਦਾ ਪ੍ਰਤੀਕ ਹੈ ਅਤੇ ਕਿਸਾਨੀ ਘੋਲ ਨਾਲ ਇਸ ਪ੍ਰਤੀਕ ਪ੍ਰਤੀ ਨੂੰ ਵੀ ਵੱਡੀ ਮਾਨਤਾ ਮਿਲੀ ਹੈ। ਪੰਜਾਬ ’ਚ ਪੁਰਾਣੇ ਟਰੈਕਟਰਾਂ ਦੀ ਖਰੀਦੋ ਫਰੋਖਤ ਦਾ ਕੰਮ ਵੀ ਵਧਿਆ ਹੈ।
ਟਰੈਕਟਰਾਂ ਦੀ ਮੰਗ ਵਧੀ: ਖੇਤਰੀ ਮੈਨੇਜਰ
ਮਹਿੰਦਰਾ ਐਂਡ ਮਹਿੰਦਰਾ ਦੇ ਖੇਤਰੀ ਜਨਰਲ ਮੈਨੇਜਰ ਜੈ ਚੰਦਰ ਆਖਦੇ ਹਨ ਕਿ ਕੋਵਿਡ ਮਗਰੋਂ ਟਰੈਕਟਰ ਦੀ ਪੰਜਾਬ ਵਿਚ ਵਿਕਰੀ ਵਧੀ ਹੈ ਅਤੇ ਟਰੈਕਟਰ ਦੀ ਉਡੀਕ ਸੂਚੀ ਚੱਲ ਰਹੀ ਹੈ। ਉਨ੍ਹਾਂ ਵਿਕਰੀ ਲਈ ਮੋਟੇ ਤੌਰ ’ਤੇ ਤਿੰਨ ਕਾਰਨ ਦੱਸੇ। ਉਨ੍ਹਾਂ ਕਿਹਾ ਕਿ ਕਿਸਾਨ ਘਰਾਂ ਵਿਚ ਕੋਵਿਡ ਕਰਕੇ ਵਿਆਹ ਰੁਕੇ ਹਨ ਅਤੇ ਨਵੀਂ ਉਸਾਰੀ ਵੀ ਸ਼ੁਰੂ ਨਹੀਂ ਹੋਈ। ਉਪਰੋਂ ਮੁੰਡਿਆਂ ਨੂੰ ਵਿਦੇਸ਼ ਭੇਜਣ ਦਾ ਕੰਮ ਪੈਂਡਿੰਗ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਘੋਲ ਦੌਰਾਨ ਵੀ ਟਰੈਕਟਰ ਦਾ ਉਭਾਰ ਹੋਇਆ ਹੈ ਅਤੇ ਵੱਡੇ ਟਰੈਕਟਰਾਂ ਪ੍ਰਤੀ ਨਵੀਂ ਪੀੜ੍ਹੀ ਉਲਾਰ ਹੋਈ ਹੈ।