ਸੁਰਜੀਤ ਮਜਾਰੀ
ਬੰਗਾ, 26 ਦਸੰਬਰ
ਬੰਗਾ ਹਲਕੇ ਦੇ ਕਈ ਸਿਆਸੀ ਪਰਿਵਾਰਾਂ ਵਿੱਚ ਸ਼ੁਰੂ ਤੋਂ ਹੀ ਪਿਤਾ ਕਿਸੇ ਹੋਰ ਪਾਰਟੀ ਵੱਲੋਂ ਚੋਣ ਲੜਦੇ ਰਹੇ ਤੇ ਪੁੱਤਰ ਕਿਸੇ ਹੋਰ ਪਾਰਟੀ ਦਾ ਸਾਥ ਦਿੰਦੇ ਰਹੇ ਹਨ। ਜਾਣਕਾਰੀ ਅਨੁਸਾਰ ਬਹਿਰਾਮ ਵਾਸੀ ਚੌਧਰੀ ਸਵਰਨਾ ਰਾਮ ਪੰਜਾਬ ਵਿੱਚ ਭਾਜਪਾ ਦੇ ਸੰਸਥਾਪਕਾਂ ’ਚ ਸ਼ਾਮਲ ਹਨ ਤੇ ਦੋ ਵਾਰ 1997 ਤੋਂ 2002 ਅਤੇ 2007 ਤੋਂ 2012 ਤਕ ਅਕਾਲੀ-ਭਾਜਪਾ ਗੱਠਜੋੜ ਸਰਕਾਰ ’ਚ ਵਜ਼ੀਰ ਵੀ ਰਹਿ ਚੁੱਕੇ ਹਨ। ਉਨ੍ਹਾਂ ਦਾ ਪੁੱਤਰ ਚੌਧਰੀ ਮੋਹਨ ਲਾਲ ਅਕਾਲੀ ਦਲ ਵੱਲੋਂ ਦੋ ਵਾਰ ਵਿਧਾਇਕ ਰਿਹਾ ਅਤੇ ਅੱਜ-ਕੱਲ੍ਹ ਭਾਜਪਾ ਵਿੱਚ ਹੈ।
ਮਰਹੂਮ ਚੌਧਰੀ ਜਗਤ ਰਾਮ ਨੇ ਕਾਂਗਰਸ ਵੱਲੋਂ ਸੂਬਾ ਸਰਕਾਰ ’ਚ ਕਈ ਵਾਰ ਵਜ਼ੀਰੀ ਕੀਤੀ। ਉਨ੍ਹਾਂ ਦੇ ਪੁੱਤਰ ਚੌਧਰੀ ਤਰਲੋਚਨ ਸਿੰਘ ਸੂੰਢ ਵੀ ਦੋ ਵਾਰ 2002-2007 ਅਤੇ ਫਿਰ 2012-17 ਵਿੱਚ ਇਸੇ ਪਾਰਟੀ ਵੱਲੋਂ ਵਿਧਾਇਕ ਬਣੇ। ਬਾਅਦ ’ਚ ਦੋ ਵਾਰ ਉਹ ਬਾਗ਼ੀ ਹੋ ਗਏ ਅਤੇ ਆਜ਼ਾਦ ਉਮੀਦਵਾਰ ਵਜੋਂ ਮੁਕਾਬਲਾ ਕੀਤਾ ਪਰ ਦੋਵੇਂ ਵਾਰ ਹਾਰ ਗਏ। ਹੁਣ ਉਹ ਵੀ ਕਾਂਗਰਸ ’ਚ ਪਰਤ ਆਏ ਹਨ। ਪਿੰਡ ਸਰਹਾਲ ਕਾਜੀਆਂ ਵਾਸੀ ਮਰਹੂਮ ਬਲਵੰਤ ਸਿੰਘ ਸਰਹਾਲ ਇੱਥੋਂ ਅਕਾਲੀ ਦਲ ਦੇ ਵਿਧਾਇਕ ਬਣੇ ਤੇ ਉਨ੍ਹਾਂ ਦਾ ਪੁੱਤਰ ਕੁਲਜੀਤ ਸਿੰਘ ਸਰਹਾਲ ਹੁਣ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਿਆ ਹੈ। ਪਿੰਡ ਗੁਣਾਚੌਰ ਦੀ ਜੱਦ ’ਚੋਂ ਵਿਧਾਇਕ ਬਣੇ ਡਾ. ਸੁਖਵਿੰਦਰ ਕੁਮਾਰ ਸੁੱਖੀ ਇੱਥੋਂ ਸ਼੍ਰੋਮਣੀ ਅਕਾਲੀ ਦਲ ਦੇ ਮੁੜ ਉਮੀਦਵਾਰ ਵਜੋਂ ਮੈਦਾਨ ’ਚ ਹਨ। ਉਨ੍ਹਾਂ ਦੇ ਪਿਤਾ ਚੌਧਰੀ ਰਾਮ ਕਿਸ਼ਨ ਬਸਪਾ ਵੱਲੋਂ ਵਿਧਾਇਕ ਦੀ ਚੋਣ ਲੜ ਚੁੱਕੇ ਹਨ।
ਇਸੇ ਤਰ੍ਹਾਂ ਪਿੰਡ ਸੋਤਰਾਂ ਵਾਸੀ ਸਾਬਕਾ ਸੰਸਦ ਮੈਂਬਰ ਮਰਹੂਮ ਸਤਨਾਮ ਸਿੰਘ ਕੈਂਥ ਬਸਪਾ ਵੱਲੋਂ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਹੇ ਜਦੋਂਕਿ ਉਨ੍ਹਾਂ ਦਾ ਪੁੱਤਰ ਡਾ. ਹਰਪ੍ਰੀਤ ਸਿੰਘ ਕੈਂਥ ਇਸ ਵੇਲੇ ਕਾਂਗਰਸ ’ਚ ਸਰਗਰਮ ਹੈ।