ਚੰਡੀਗੜ੍ਹ, 2 ਅਕਤੂਬਰ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਾਂਗਰਸ ਆਗੂਆਂ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਸੂਬੇ ਵਿਚਲੇ ਰਾਜਸੀ ਸੰਕਟ ਨੂੰ ਲੁਕੋਣ ਲਈ ਉਹ ਹਾਸੋਹੀਣੇ ਝੂਠੇ ਬਿਆਨ ਦਾਗ ਰਹੇ ਹਨ। ਅਮਰਿੰਦਰ ਨੇ ਕਿਹਾ ਕਿ ਹਰੀਸ਼ ਰਾਵਤ ਤੇ ਸੁਰਜੇਵਾਲਾ ਜਿਹੜੇ ਅੰਕੜੇ ਦੇ ਰਹੇ ਹਨ, ਉਹ ਆਪਸ ਵਿਚ ਹੀ ਮੇਲ ਨਹੀਂ ਖਾ ਰਹੇ।
ਸੁਰਜੇਵਾਲਾ ਦੇ ਬਿਆਨ ਦਾ ਹਵਾਲਾ ਦਿੰਦਿਆਂ ਅਮਰਿੰਦਰ ਨੇ ਕਿਹਾ ਕਿ ਉਹ ਕਹਿ ਰਹੇ ਹਨ ਕਿ ਪਾਰਟੀ ਦੇ 78 ਵਿਧਾਇਕਾਂ ਨੇ ਕਾਂਗਰਸੀ ਲੀਡਰਸ਼ਿਪ ਨੂੰ ਮੁੱਖ ਮੰਤਰੀ ਬਦਲਣ ਬਾਰੇ ਲਿਖਿਆ ਸੀ। ਇਕ ਦਿਨ ਪਹਿਲਾਂ ਹਰੀਸ਼ ਰਾਵਤ ਕਹਿ ਰਹੇ ਸਨ ਕਿ 43 ਵਿਧਾਇਕਾਂ ਨੇ ਇਸ ਬਾਰੇ ਹਾਈ ਕਮਾਨ ਨੂੰ ਲਿਖਿਆ ਸੀ। ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਪੂਰੀ ਪਾਰਟੀ ਨਵਜੋਤ ਸਿੰਘ ਸਿੱਧੂ ਦੀ ਹਾਸੋਹੀਣੀ ਡਰਾਮੇਬਾਜ਼ੀ ਤੋਂ ਪ੍ਰੇਰਣਾ ਲੈ ਰਹੀ ਹੈ। ਹਾਲ ਹੀ ਵਿਚ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇਣ ਵਾਲੇ ਅਮਰਿੰਦਰ ਨੇ ਕਿਹਾ ਕਿ ਭਲਕੇ ਪਾਰਟੀ ਦਾਅਵਾ ਕਰੇਗੀ ਕਿ 117 ਵਿਧਾਇਕਾਂ ਨੇ ਉਨ੍ਹਾਂ ਖ਼ਿਲਾਫ਼ ਹਾਈ ਕਮਾਨ ਨੂੰ ਲਿਖਿਆ ਸੀ। ਪਾਰਟੀ ਦਾ ਹਾਲ ਇਹ ਹੈ ਕਿ ਉਹ ਝੂਠ ਵੀ ਤਾਲਮੇਲ ਨਾਲ ਨਹੀਂ ਬੋਲ ਸਕਦੇ। ਉਨ੍ਹਾਂ ਕਿਹਾ ਕਿ ਕਾਂਗਰਸ ਵਿਚ ਕੋਈ ਵਿਵਸਥਾ ਨਹੀਂ ਬਚੀ ਤੇ ਸੰਕਟ ਦਿਨੋਂ-ਦਿਨ ਡੂੰਘਾ ਹੁੰਦਾ ਜਾ ਰਿਹਾ ਹੈ। ਸੀਨੀਅਰ ਆਗੂ ਬਹੁਗਿਣਤੀ ਵਿਚ ਪਾਰਟੀ ਦੀ ਕਾਰਜਪ੍ਰਣਾਲੀ ਦੇ ਖ਼ਿਲਾਫ਼ ਹੁੰਦੇ ਜਾ ਰਹੇ ਹਨ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ 43 ਵਿਧਾਇਕਾਂ ਨੇ ਪੱਤਰ ਉਤੇ ਹਸਤਾਖਰ ਦਬਾਅ ਵਿਚ ਕੀਤੇ ਸਨ। ਕੈਪਟਨ ਨੇ ਕਿਹਾ ਕਿ 2017 ਤੋਂ ਬਾਅਦ ਕਾਂਗਰਸ ਨੇ ਪੰਜਾਬ ਵਿਚ ਹਰ ਚੋਣ ਜਿੱਤੀ ਹੈ ਤੇ ਇਹ ਉਨ੍ਹਾਂ ਦੇ ਕਾਰਜਕਾਲ ਵਿਚ ਹੀ ਹੋਇਆ। ਕੈਪਟਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਭਰੋਸਾ ਉਨ੍ਹਾਂ ਨਹੀਂ ਗੁਆਇਆ ਹੈ ਤੇ ਉਨ੍ਹਾਂ ਨੂੰ ਅਹੁਦੇ ਤੋਂ ਲਾਹੁਣ ਦਾ ਸਾਰਾ ਘਟਨਾਕ੍ਰਮ ਨਵਜੋਤ ਸਿੱਧੂ ਦੇ ਕਹਿਣ ’ਤੇ ਕੁਝ ਪਾਰਟੀ ਆਗੂਆਂ ਤੇ ਵਿਧਾਇਕਾਂ ਨੇ ਰਚਿਆ ਹੈ।
ਉਨ੍ਹਾਂ ਕਿਹਾ ਕਿ ਹਰੀਸ਼ ਰਾਵਤ ਤੇ ਹੋਰਨਾਂ ਆਗੂਆਂ ਦੇ ਝੂਠ ਦਾ ਪਾਰਟੀ ਨੂੰ ਚੋਣਾਂ ਵਿਚ ਮੁੱਲ ਤਾਰਨਾ ਪਏਗਾ। ਅਮਰਿੰਦਰ ਨੇ ਨਾਲ ਹੀ ਕਿਹਾ ਕਿ ਜੇਕਰ ਉਹ ਬਾਦਲਾਂ ਨਾਲ ਮਿਲੇ ਹੁੰਦੇ ਤਾਂ 13 ਸਾਲ ਤੋਂ ਉਨ੍ਹਾਂ ਨਾਲ ਅਦਾਲਤਾਂ ਵਿਚ ਕੇਸ ਨਹੀਂ ਲੜ ਰਹੇ ਹੁੰਦੇ। ਕੈਪਟਨ ਨੇ ਕਿਹਾ ਕਿ ਕੋਟਕਪੂਰਾ ਤੇ ਬਹਬਿਲ ਕਲਾਂ ਗੋਲੀ ਕਾਂਡ ਵਿਚ ਸੀਨੀਅਰ ਪੁਲੀਸ ਅਧਿਕਾਰੀਆਂ ਨੂੰ ਦੋ ਸਾਲਾਂ ਦੇ ਅੰਦਰ-ਅੰਦਰ ਗ੍ਰਿਫ਼ਤਾਰ ਵੀ ਕੀਤਾ ਗਿਆ। ਸਾਬਕਾ ਡੀਜੀਪੀ ਤੇ ਵਿਧਾਇਕ ਨੂੰ ਚਾਰਜਸ਼ੀਟ ਕੀਤਾ ਗਿਆ। ਸੱਤ ਚਾਰਜਸ਼ੀਟਾਂ ਫਾਈਲ ਕੀਤੀਆਂ ਗਈਆਂ ਪਰ ਕੁਝ ਨੂੰ ਹਾਈ ਕੋਰਟ ਨੇ ਖਾਰਜ ਕਰ ਦਿੱਤਾ। -ਆਈਏਐਨਐੱਸ