ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 23 ਜੁਲਾਈ
ਬੇਰੁਜ਼ਗਾਰ ਬੀਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਦੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਪੈਨਲ ਮੀਟਿੰਗ ਪੰਜਾਬ ਭਵਨ ਚੰਡੀਗੜ੍ਹ ਵਿੱਚ ਹੋਈ। ਇਸ ਮਗਰੋਂ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਮੀਟਿੰਗ ਨੂੰ ਅਸਫ਼ਲ ਕਰਾਰ ਦਿੰਦਿਆਂ ਮੰਗਾਂ ਦੀ ਪ੍ਰਾਪਤੀ ਲਈ ਅਗਲਾ ਸੰਘਰਸ਼ ਵਿੱਢਣ ਦਾ ਫ਼ੈਸਲਾ ਲਿਆ। ਇਹ ਜਾਣਕਾਰੀ ਦਿੰਦਿਆਂ ਬੇਰੁਜ਼ਗਾਰ ਬੀਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਸਿੱਖਿਆ ਮੰਤਰੀ ਅੱਗੇ ਮਾਸਟਰ ਕੇਡਰ ਦੀਆਂ 4161 ਅਸਾਮੀਆਂ ਵਿਚ ਵਾਧਾ ਕਰਨ ਅਤੇ ਖਾਸ ਕਰਕੇ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਵਿਚ ਵਾਧਾ ਕਰਕੇ ਜਲਦੀ ਪੇਪਰ ਲੈਣ ਦੀ ਮੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਿੱਖਿਆ ਮੰਤਰੀ ਨੇ ਅਸਾਮੀਆਂ ਵਿਚ ਵਾਧੇ ਤੋਂ ਟਾਲਾ ਵੱਟਿਆ। ਬੇਰੁਜ਼ਗਾਰ ਯੂਨੀਅਨ ਨੇ ਕਲਰਕਾਂ ਅਤੇ ਵੈਟਰਨਰੀ ਵਿਭਾਗ ਦੀਆਂ ਪੋਸਟਾਂ ਵਿੱਚ ਹੋਏ ਵਾਧੇ ਦਾ ਹਵਾਲਾ ਦਿੱਤਾ। ਬੇਰੁਜ਼ਗਾਰਾਂ ਨੇ ਮੀਟਿੰਗ ਨੂੰ ਅਸਫ਼ਲ ਆਖਦਿਆਂ ਜਲਦੀ ਅਗਲਾ ਸੰਘਰਸ਼ ਆਰੰਭਣ ਦਾ ਫੈਸਲਾ ਲਿਆ। ਬੇਰੁਜ਼ਗਾਰਾਂ ਨੇ ਲੈਕਚਰਾਰ ਦੀਆਂ ਅਸਾਮੀਆਂ ਵਿੱਚ ਅਧਿਆਪਨ ਵਿਸ਼ੇ ਦੇ ਹਿਸਟਰੀ, ਰਾਜਨੀਤੀ ਸ਼ਾਸਤਰ ਅਤੇ ਅਰਥ ਸ਼ਾਸ਼ਤਰ ਨੂੰ ਦਰੁਸਤ ਕਰਕੇ ਮੁੜ ਸਮਾਜਿਕ ਸਿੱਖਿਆ ਕਰਨ, ਗ੍ਰੈਜੂਏਸ਼ਨ ਵਿੱਚੋ 55 ਫ਼ੀਸਦ ਦੀ ਸ਼ਰਤ ਹਮੇਸ਼ਾ ਲਈ ਰੱਦ ਕਰਨ, ਪੇਪਰ ਪਾਰਦਰਸ਼ੀ ਤਰੀਕੇ ਨਾਲ ਲੈਣ ਦੀਆਂ ਰੱਖੀਆਂ ਮੰਗਾਂ ਨੂੰ ਮਨਜ਼ੂਰ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਅਮਨ ਸੇਖਾ, ਗੁਰਪ੍ਰੀਤ ਸਿੰਘ ਪੱਕਾ, ਬਲਕਾਰ ਸਿੰਘ ਮਘਾਣੀਆ, ਕੁਲਵਿੰਦਰ ਕੌਰ ਅਤੇ ਸੁਨੀਤਾ ਦੋਵੇਂ ਫ਼ਾਜ਼ਿਲਕਾ, ਗੁਰਸ਼ਰਨ ਕੌਰ ਅਤੇ ਪਰਮਜੀਤ ਕੌਰ ਆਦਿ ਹਾਜ਼ਰ ਸਨ।