ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 12 ਜਨਵਰੀ
ਇੱਥੋਂ ਚਾਰ ਵਾਰ ਕੌਂਸਲਰ ਦੇ ਨਾਲ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਹੇ ਗੁਰਪ੍ਰੀਤ ਗੋਗੀ ਨੇ ਕਾਂਗਰਸ ਦਾ ਹੱਥ ਛੱਡ ਕੇ ਝਾੜੂ ਫੜਦਿਆਂ ਹੀ ਕੈਬਨਿਟ ਮੰਤਰੀ ਆਸ਼ੂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਆਪਣੇ ਘਰ ਪੱਤਰਕਾਰ ਮਿਲਣੀ ਦੌਰਾਨ ਗੋਗੀ ਨੇ ਜਿੱਥੇ ਮੰਤਰੀ ਆਸ਼ੂ ’ਤੇ ਕਈ ਦੋਸ਼ ਲਾਏ, ਉੱਥੇ ਹੀ ਮਾਂ ਪਾਰਟੀ ਛੱਡਣ ’ਤੇ ਦੁੱਖ ਵੀ ਜ਼ਾਹਿਰ ਕੀਤਾ। ਗੋਗੀ ਨੇ ਕਿਹਾ ਕਿ ਨਗਰ ਨਿਗਮ, ਨਗਰ ਸੁਧਾਰ ਟਰੱਸਟ ’ਤੇ ਮੰਤਰੀ ਆਸ਼ੂ ਦਾ ਕਬਜ਼ਾ ਹੈ, ਹਰ ਜਗ੍ਹਾ ਉਨ੍ਹਾਂ ਆਪਣੇ ਲੋਕ ਫਿੱਟ ਕਰ ਰੱਖੇ ਹਨ।
ਗੋਗੀ ਨੇ ਕਿਹਾ ਕਿ ਲੋਕਾਂ ਨੇ ਆਸ਼ੂ ਨੂੰ ਵੋਟ ਦਿੱਤੀ ਸੀ ਤਾਂ ਕਿ ਉਨ੍ਹਾਂ ਨੂੰ ਚੰਗਾ ਆਗੂ ਮਿਲੇ ਪਰ ਆਸ਼ੂ ਨੇ ਵੋਟਾਂ ਲੈ ਕੇ ਉਨ੍ਹਾਂ ਦੀਆਂ ਉਮੀਦਾਂ ਤੋੜੀਆਂ। ਉਹ ਆਸ਼ੂ ਲਈ ਵੋਟ ਮੰਗਣ ਜਾਂਦੇ ਸਨ ਪਰ ਮੰਤਰੀ ਕਾਰਨ ਉਹ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹੇ। ਗੋਗੀ ਨੇ ਕਿਹਾ ਕਿ ਉਨ੍ਹਾਂ ਦੀ ਜ਼ਮੀਰ ਹਾਲੇ ਜਿਉਂਦੀ ਹੈ ਤੇ ਉਨ੍ਹਾਂ ਨੂੰ ਪਾਵਰ ਦਾ ਕੋਈ ਲਾਲਚ ਨਹੀਂ ਹੈ। ਗੋਗੀ ਨੇ ਮੰਤਰੀ ਆਸ਼ੂ ’ਤੇ ਕਰੋੜਾਂ ਰੁਪਏ ਦੇ ਘੁਟਾਲੇ ਕਰਨ ਦੇ ਦੋਸ਼ ਵੀ ਲਾਏ ਤੇ ਆਖਿਆ ਕਿ ਉਨ੍ਹਾਂ ਨੇ ਆਪਣੇ ਕਰੀਬੀਆਂ ਨੂੰ ਕਈ ਤਰ੍ਹਾਂ ਦੇ ਫਾਇਦੇ ਪਹੁੰਚਾਏ ਹਨ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਹੋਇਆ ਹੈ। ਗੋਗੀ ਨੇ ਕਿਹਾ ਕਿ ਜੇਕਰ ਮੰਤਰੀ ਆਸ਼ੂ ਕੋਲ ਉਨ੍ਹਾਂ ਖਿਲਾਫ਼ ਕੁਝ ਹੈ ਤਾਂ ਉਹ ਸਭ ਦੇ ਸਾਹਮਣੇ ਰੱਖਣ, ਉਹ ਸਾਹਮਣਾ ਕਰਨ ਲਈ ਤਿਆਰ ਹਨ। ਉਨ੍ਹਾਂ ਦੋਸ਼ ਲਾਏ ਕਿ ਮੰਤਰੀ ਆਸ਼ੂ ਨੇ ਉਨ੍ਹਾਂ ਦੇ ਵਾਰਡ ਦੇ ਕੰਮ ਰੁਕਵਾਏ ਅਤੇ ਜੇਕਰ ਕੋਈ ਅਧਿਕਾਰੀ ਕੰਮ ਕਰਦਾ ਤਾਂ ਉਸ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਸਨ। ਗੋਗੀ ਨੇ ਦੋਸ਼ ਲਾਇਆ ਕਿ ਜਦੋਂ ਕੋਈ ਮੰਤਰੀ ਆਸ਼ੂ ਨੂੰ ਸਲਾਹ ਦਿੰਦਾ ਸੀ ਤਾਂ ਉਹ ਕਿਸੇ ਦੀ ਨਹੀਂ ਸੁਣਦਾ ਸੀ।
ਗੋਗੀ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਦਿੱਤੀ ਤਾਂ ਉਹ ਚੋਣ ਜ਼ਰੂਰ ਲੜਨਗੇ। ਜੇਕਰ ਉਨ੍ਹਾਂ ਟਿਕਟ ਨਹੀਂ ਮਿਲਦੀ ਤਾਂ ਉਹ ‘ਆਪ’ ਦੇ ਉਮੀਦਵਾਰ ਲਈ ਦਿਨ ਰਾਤ ਇੱਕ ਕਰ ਪ੍ਰਚਾਰ ਕਰਨਗੇ ਤਾਂ ਕਿ ਆਸ਼ੂ ਨੂੰ ਹਰਾਇਆ ਜਾ ਸਕੇ। ਦੂਜੇ ਪਾਸੇ ਮੰਤਰੀ ਆਸ਼ੂ ਨੇ ਸਿਰਫ਼ ਇੰਨਾ ਹੀ ਕਿਹਾ ਕਿ ਗੋਗੀ ਵੱਲੋਂ ਲਾਏ ਦੋਸ਼ ਗਲਤ ਹਨ, ਉਨ੍ਹਾਂ ਜਿੱਥੇ ਜਾਣਾ ਸੀ, ਉਹ ਚਲੇ ਗਏ, ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ।