ਚਰਨਜੀਤ ਭੁੱਲਰ
ਚੰਡੀਗੜ੍ਹ, 17 ਅਕਤੂਬਰ
ਵਿਜੀਲੈਂਸ ਬਿਊਰੋ ਪੰਜਾਬ ਦੇ ਸਬ-ਇੰਸਪੈਕਟਰਾਂ ਨੂੰ ਪੁਰਾਣੇ ਬੌਸ ਆਸ਼ੀਸ਼ ਕਪੂਰ ਨੂੰ ਸਲੂਟ ਮਾਰਨਾ ਮਹਿੰਗਾ ਪਿਆ ਹੈ। ਵਿਜੀਲੈਂਸ ਬਿਊਰੋ ਨੇ ਇੱਕ ਕਰੋੜ ਦੇ ਰਿਸ਼ਵਤ ਕੇਸ ਵਿੱਚ ਏਆਈਜੀ ਆਸ਼ੀਸ਼ ਕਪੂਰ ਨੂੰ 6 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਜਦੋਂ ਕੈਪਟਨ ਅਮਰਿੰਦਰ ਦੀ ਸਰਕਾਰ ਸੀ ਤਾਂ ਉਦੋਂ ਆਸ਼ੀਸ਼ ਕਪੂਰ ਵਿਜੀਲੈਂਸ ਬਿਊਰੋ ’ਚ ਤਾਇਨਾਤ ਸੀ। ਵਿਜੀਲੈਂਸ ਦੇ ਜਿਨ੍ਹਾਂ ਦੋ ਸਬ-ਇੰਸਪੈਕਟਰਾਂ ਨੇ ਆਸ਼ੀਸ਼ ਕਪੂਰ ਨਾਲ ਪਹਿਲਾਂ ਵਿਜੀਲੈਂਸ ਵਿੱਚ ਕੰਮ ਕੀਤਾ ਹੈ, ਉਨ੍ਹਾਂ ਨੂੰ ਹੁਣ ਪੰਜਾਬ ਪੁਲੀਸ ’ਚ ਵਾਪਸ ਭੇਜ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ ਵਿਜੀਲੈਂਸ ਦਾ ਇੱਕ ਸਬ-ਇੰਸਪੈਕਟਰ ਮੁਹਾਲੀ ਅਦਾਲਤ ਵਿੱਚ ਜਦੋਂ ਕਿ ਦੂਸਰਾ ਵਿਜੀਲੈਂਸ ਦੇ ਮੁੱਖ ਦਫ਼ਤਰ ਵਿੱਚ ਤਾਇਨਾਤ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਕੁਝ ਦਿਨ ਪਹਿਲਾਂ ਮੁਹਾਲੀ ਅਦਾਲਤ ਵਿੱਚ ਏਆਈਜੀ ਆਸ਼ੀਸ਼ ਕਪੂਰ ਨੂੰ ਪੇਸ਼ ਕੀਤਾ ਗਿਆ ਤਾਂ ਉੱਥੇ ਤਾਇਨਾਤ ਸਬ-ਇੰਸਪੈਕਟਰ ਨੇ ਆਪਣੇ ਇਸ ਪੁਰਾਣੇ ਬੌਸ ਨੂੰ ਪ੍ਰਾਹੁਣਚਾਰੀ ਦੀ ਪੇਸ਼ਕਸ਼ ਕੀਤੀ ਅਤੇ ਚਾਹ ਪਾਣੀ ਪੁੱਛਿਆ। ਮੌਕੇ ’ਤੇ ਵਿਜੀਲੈਂਸ ਟੀਮ ਨੇ ਇਸ ਦਾ ਨੋਟਿਸ ਲਿਆ। ਗੱਲ ਵਿਜੀਲੈਂਸ ਦੇ ਉੱਚ ਅਧਿਕਾਰੀਆਂ ਤੱਕ ਪਹੁੰਚ ਗਈ। ਸੂਤਰ ਦੱਸਦੇ ਹਨ ਕਿ ਹੁਣ ਉਸ ਸਬ-ਇੰਸਪੈਕਟਰ ਨੂੰ ਵਿਜੀਲੈਂਸ ’ਚੋਂ ਵਾਪਸ ਪੰਜਾਬ ਪੁਲੀਸ ’ਚ ਭੇਜ ਦਿੱਤਾ ਗਿਆ ਹੈ। ਇਸੇ ਤਰ੍ਹਾਂ ਜਦੋਂ ਵਿਜੀਲੈਂਸ ਥਾਣਾ (ਉੱਡਣ ਦਸਤਾ) ਦੇ ਹਵਾਲਾਤ ਵਿੱਚ ਬੰਦ ਆਸ਼ੀਸ਼ ਕਪੂਰ ਨੂੰ ਦੂਸਰਾ ਸਬ-ਇੰਸਪੈਕਟਰ ਸਲੂਟ ਮਾਰਨ ਚਲਾ ਗਿਆ ਤਾਂ ਉਸ ਦੀ ਭਿਣਕ ਵੀ ਵਿਜੀਲੈਂਸ ਦੇ ਮੁਖੀ ਨੂੰ ਪੈ ਗਈ। ਵਿਜੀਲੈਂਸ ਮੁਖੀ ਇਸ ਗੱਲੋਂ ਨਾਰਾਜ਼ ਹੋਏ ਕਿ ਇੱਕ ਪਾਸੇ ਵਿਜੀਲੈਂਸ ਟੀਮ ਦੋਸ਼ੀ ਦੀ ਜਾਂਚ ਕਰ ਰਹੀ ਹੈ ਤੇ ਦੂਸਰੇ ਬੰਨੇ ਸਬ ਇੰਸਪੈਕਟਰ ਲਿਹਾਜ਼ ਪੁਗਾ ਰਹੇ ਹਨ। ਸੂਤਰ ਦੱਸਦੇ ਹਨ ਕਿ ਆਸ਼ੀਸ਼ ਕਪੂਰ ਨਾਲ ਸ਼ਿਸ਼ਟਾਚਾਰ ਦਿਖਾਉਣ ਵਾਲੇ ਇੱਕ ਪੁਲੀਸ ਅਫ਼ਸਰ ਨੂੰ ਵੀ ਬਦਲ ਦਿੱਤਾ ਗਿਆ ਹੈ। ਵਿਜੀਲੈਂਸ ਮੁਖੀ ਨੇ 10 ਅਕਤੂਬਰ ਨੂੰ ਇਸ ਵਿਜੀਲੈਂਸ ਅਫ਼ਸਰ ਕੋਲੋਂ ਮੁੱਖ ਅਹੁਦਾ ਵਾਪਸ ਲੈ ਕੇ ਹੁਣ ਏਆਈਜੀ (ਈਓਡਬਲਿਊ-2) ਮੁਹਾਲੀ ਲਗਾ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਇਹ ਗੱਲ ਮੁੱਖ ਮੰਤਰੀ ਭਗਵੰਤ ਮਾਨ ਤੱਕ ਵੀ ਪਹੁੰਚ ਗਈ ਸੀ, ਜਿਨ੍ਹਾਂ ਨੇ ਫ਼ੌਰੀ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਸਨ।
ਏਆਈਜੀ ਆਸ਼ੀਸ਼ ਕਪੂਰ ਨੂੰ ਭ੍ਰਿਸ਼ਟਾਚਾਰ ਮਾਮਲੇ ਵਿੱਚ ਜੇਲ੍ਹ ਭੇਜਿਆ
ਐੱਸ.ਏ.ਐੱਸ. ਨਗਰ (ਮੁਹਾਲੀ) (ਪੱਤਰ ਪ੍ਰੇਰਕ): ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਏਆਈਜੀ ਆਸ਼ੀਸ਼ ਕਪੂਰ ਨੂੰ ਪਹਿਲਾਂ ਦਿੱਤਾ ਗਿਆ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਅੱਜ ਮੁੜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਨੇ ਏਆਈਜੀ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਪਟਿਆਲਾ ਜੇਲ੍ਹ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਉਸ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਏਐੱਸਆਈ ਹਰਜਿੰਦਰ ਸਿੰਘ ਪਹਿਲਾਂ ਹੀ ਨਿਆਂਇਕ ਹਿਰਾਸਤ ਵਿੱਚ ਹੈ। ਦੂਜੇ ਪਾਸੇ ਇਸ ਮਾਮਲੇ ਵਿੱਚ ਨਾਮਜ਼ਦ ਡੀਐੱਸਪੀ (ਇੰਟੈਲੀਜੈਂਸ) ਪਵਨ ਕੁਮਾਰ ਹਾਲੇ ਵੀ ਵਿਜੀਲੈਂਸ ਦੀ ਗ੍ਰਿਫ਼ਤ ਤੋਂ ਬਾਹਰ ਹੈ, ਜਿਸ ਦੀ ਭਾਲ ’ਚ ਵਿਜੀਲੈਂਸ ਵੱਲੋਂ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ।