ਸੰਜੀਵ ਹਾਂਡਾ
ਫ਼ਿਰੋਜ਼ਪੁਰ, 17 ਸਤੰਬਰ
ਜਲਾਲਾਬਾਦ ਵਿੱਚ ਤਿੰਨ ਸਾਲ ਪਹਿਲਾਂ ਕਰੀਬ 36 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਰੇਲਵੇ ਓਵਰਬ੍ਰਿਜ (ਸੀ-57) ਦਾ ਦਫ਼ਤਰੀ ਰਿਕਾਰਡ ਸ਼ੱਕ ਦੇ ਘੇਰੇ ਵਿੱਚ ਆ ਗਿਆ ਹੈ। ਇਸ ਪੁਲ ਦੇ ਕੰਪੀਲਸ਼ਨ ਸਰਟੀਫ਼ਿਕੇਟ ਦੀ ਮਹਿਜ਼ ਕਲੈਰੀਫ਼ਿਕੇਸ਼ਨ ਭੇਜਣ ਦੇ ਦੋਸ਼ ਵਿੱਚ ਲੋਕ ਨਿਰਮਾਣ ਵਿਭਾਗ ਦੇ ਨੈਸ਼ਨਲ ਹਾਈਵੇ ਬਰਾਂਚ ਫ਼ਿਰੋਜ਼ਪੁਰ ਡਿਵੀਜ਼ਨ ਦਾ ਇੱਕ ਐਕਸੀਅਨ ਮੁਅੱਤਲ ਹੋ ਚੁੱਕਿਆ ਹੈ। ਹੁਣ ਇਸ ਪੁਲ ਨਾਲ ਸਬੰਧਤ ਦਫ਼ਤਰੀ ਰਿਕਾਰਡ ਵਿੱਚ ਛੇੜਛਾੜ ਹੋਣ ਦੇ ਪੁਖ਼ਤਾ ਸਬੂਤ ਮਿਲੇ ਹਨ। ਐਕਸੀਅਨ ਮਨਪ੍ਰੀਤਮ ਸਿੰਘ ਵੱਲੋਂ ਇਸ ਪੁਲ ਨਾਲ ਸਬੰਧਤ ਰਿਕਾਰਡ ਦੀ ਪੜਤਾਲ ਕੀਤੇ ਜਾਣ ਅਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਲਈ ਸਥਾਨਕ ਐੱਸਐੱਸਪੀ ਤੇ ਐੱਸਡੀਓ ਖ਼ਿਲਾਫ਼ ਵਿਭਾਗੀ ਕਾਰਵਾਈ ਲਈ ਚੀਫ਼ ਇੰਜਨੀਅਰ ਨੂੰ ਵੀ ਲਿਖਿਆ ਹੈ। ਪੁਲ ਦੀ ਉਸਾਰੀ ਸਾਲ 2019 ਵਿੱਚ ਪੰਚਕੂਲਾ ਦੀ ਫ਼ਰਮ ਮੈੱਸ.ਮਾਨ ਬਿਲਡਰਜ਼ ਵੱਲੋਂ ਕੀਤੀ ਗਈ ਸੀ। ਪੁਲ ਦੀ ਡਰਾਇੰਗ ਰੇਲ ਵਿਭਾਗ ਵੱਲੋਂ ਭੇਜੀ ਗਈ ਸੀ। ਮਾਨ ਬਿਲਡਰਜ਼ ਨੇ ਐਕਸੀਅਨ ਸਤੀਸ਼ ਗੋਇਲ ਤੇ ਐੱਸਡੀਓ ਨਵਦੀਪ ਸਿੰਗਲਾ ਦੀ ਨਿਗਰਾਨੀ ਹੇਠ ਪੁਲ ਦਾ ਕੰਮ ਮੁਕੰਮਲ ਕਰਕੇ ਸਾਲ 2021 ਵਿੱਚ ਕੰਪੀਲਸ਼ਨ ਸਰਟੀਫ਼ਿਕੇਟ ਹਾਸਲ ਕੀਤਾ ਸੀ। ਪਿਛਲੇ ਦਿਨੀਂ ਮਾਨ ਬਿਲਡਰਜ਼ ਦੇ ਕਿਸੇ ਵਿਰੋਧੀ ਵੱਲੋਂ ਪੁਲ ਦੀ ਉਸਾਰੀ ਸਬੰਧੀ ਸਵਾਲ ਖੜ੍ਹੇ ਕੀਤੇ ਸਨ, ਜਿਸ ਮਗਰੋਂ ਮਹਿਕਮੇ ਨੇ ਨੈਸ਼ਨਲ ਹਾਈਵੇ ਫ਼ਿਰੋਜ਼ਪੁਰ ਡਿਵੀਜ਼ਨ ਦੇ ਐਕਸੀਅਨ ਮਨਪ੍ਰੀਤਮ ਸਿੰਘ ਨੂੰ ਪੱਤਰ ਲਿਖ ਕੇ ਇਸ ਪੁਲ ਦੇ ਕੰਪਲੀਸ਼ਨ ਸਰਟੀਫ਼ਿਕੇਟ ਬਾਰੇ ਕਲੈਰੀਫ਼ਿਕੇਸ਼ਨ ਮੰਗੀ ਸੀ। ਹਾਲਾਂਕਿ ਇਸ ਪੁਲ ਦੀ ਉਸਾਰੀ ਵਿੱਚ ਐਕਸੀਅਨ ਮਨਪ੍ਰੀਤਮ ਦੀ ਕੋਈ ਭੂਮਿਕਾ ਨਹੀਂ ਸੀ, ਪਰ ਐੱਸਡੀਓ ਨਵਦੀਪ ਸਿੰਗਲਾ ਵੱਲੋਂ ਭੇਜੀ ਰਿਪੋਰਟ ਤੇ ਦਫ਼ਤਰੀ ਰਿਕਾਰਡ ਮੁਤਾਬਕ ਕਲੈਰੀਫ਼ਿਕੇਸ਼ਨ ਭੇਜਣ ਦੇ ਦੋਸ਼ ਹੇਠ ਹੀ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ। ਮੁਅੱਤਲੀ ਦੇ ਹੁਕਮਾਂ ਤੋਂ ਕੁਝ ਦਿਨ ਪਹਿਲਾਂ ਐਕਸੀਅਨ ਮਨਪ੍ਰੀਤਮ ਨੇ ਆਪਣੇ ਪੱਧਰ ’ਤੇ ਇਸ ਦੀ ਪੜਤਾਲ ਆਰੰਭੀ ਸੀ। ਐੱਸਡੀਓ ਨਵਦੀਪ ਸਿੰਗਲਾ ਨੂੰ ਉਨ੍ਹਾਂ ਕਈ ਪੱਤਰ ਲਿਖ ਕੇ ਪੁਲ ਸਬੰਧੀ ਰਿਕਾਰਡ ਮੰਗਿਆ, ਪਰ ਸਿੰਗਲਾ ਨੇ ਰਿਕਾਰਡ ਨਾ ਦਿੱਤਾ। ਐਕਸੀਅਨ ਮਨਪ੍ਰੀਤਮ ਨੇ ਜਦੋਂ ਰੇਲ ਵਿਭਾਗ ਤੋਂ ਰਿਕਾਰਡ ਹਾਸਲ ਕਰਕੇ ਆਪਣੇ ਦਫ਼ਤਰੀ ਰਿਕਾਰਡ ਨਾਲ ਮਿਲਾਣ ਕੀਤਾ ਤਾਂ ਕਥਿਤ ਛੇੜਛਾੜ ਹੋਣ ਦੀ ਗੱਲ ਸਾਹਮਣੇ ਆਈ। ਰੇਲ ਵਿਭਾਗ ਦੀ ਡਰਾਇੰਗ ਵੀ ਪੀਡਬਲਿਊ ਦੀ ਡਰਾਇੰਗ ਨਾਲ ਮੇਲ ਨਹੀਂ ਖਾ ਰਹੀ ਸੀ। ਐਕਸੀਅਨ ਮਨਪ੍ਰੀਤਮ ਵੱਲੋਂ ਦੋ ਉੱਚ ਅਧਿਕਾਰੀਆਂ ਨੂੰ ਲਿਖੇ ਪੱਤਰਾਂ ਮਗਰੋਂ ਇਹ ਮਾਮਲਾ ਉਲਝਦਾ ਨਜ਼ਰ ਆ ਰਿਹਾ ਹੈ।
ਐਕਸੀਅਨ ਵੱਲੋਂ ਲਿਖੇ ਪੱਤਰ ਬਾਰੇ ਜਾਣਕਾਰੀ ਨਹੀਂ: ਐੱਸਡੀਓ
ਐੱਸਡੀਓ ਨਵਦੀਪ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਐਕਸੀਅਨ ਵੱਲੋਂ ਲਿਖੇ ਗਏ ਪੱਤਰ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਸਿੰਗਲਾ ਨੇ ਦਫ਼ਤਰੀ ਰਿਕਾਰਡ ਨਾਲ ਕਥਿਤ ਛੇੜਛਾੜ ਕਰਨ ਤੋਂ ਵੀ ਇਨਕਾਰ ਕੀਤਾ ਹੈ।