ਹਰਮੇਸ਼ਪਾਲ ਨੀਲੇਵਾਲਾ
ਜ਼ੀਰਾ, 10 ਸਤੰਬਰ
ਪਿੰਡ ਮਨਸੂਰਵਾਲ ਕਲਾਂ ਸਥਿਤ ਇਕ ਸ਼ਰਾਬ ਫੈਕਟਰੀ ਵੱਲੋਂ ਗੰਦੇ ਪਾਣੀ ਨੂੰ ਧਰਤੀ ਹੇਠ ਸੁੱਟ ਕੇ ਇਲਾਕੇ ਦੇ ਪਾਣੀ ਨੂੰ ਪ੍ਰਦੂਸ਼ਿਤ ਕਰਨ ਵਿਰੁੱਧ ਕਿਸਾਨ ਜਥੇਬੰਦੀਆਂ ਤੇ ਪਿੰਡਾਂ ਦੇ ਲੋਕਾਂ ਵੱਲੋਂ ਪਿਛਲੇ ਪੰਜਾਹ ਦਿਨਾਂ ਤੋਂ ਜਾਰੀ ਧਰਨੇ ਨੂੰ ਮੌਜੂਦਾ ਥਾਂ ਤੋਂ ਹਟਾਉਣ ਲਈ ਅੱਜ ਪੁਲੀਸ ਬਲ ਨਾਲ ਆਏ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬੇਰੰਗ ਪਰਤਣਾ ਪਿਆ। ਜਾਣਕਾਰੀ ਅਨੁਸਾਰ ਧਰਨਾਕਾਰੀਆਂ ਵੱਲੋਂ ਇਸ ਫੈਕਟਰੀ ਨੂੰ ਬੰਦ ਕਰਵਾਉਣ ਦੀ ਮੰਗ ਤਹਿਤ ਫੈਕਟਰੀ ਦੇ ਮੁੱਖ ਗੇਟ ਅੱਗੇ ਪਿਛਲੇ ਪੰਜਾਹ ਦਿਨਾਂ ਤੋਂ ਦਿਨ ਰਾਤ ਦਾ ਧਰਨਾ ਦਿੱਤਾ ਦਿੱਤਾ ਜਾ ਰਿਹਾ ਹੈ। ਅੱਜ ਐੱਸਡੀਐੱਮ ਜ਼ੀਰਾ ਇੰਦਰਪਾਲ, ਐੱਸਪੀ ਗੁਰਮੀਤ ਸਿੰਘ ਚੀਮਾ, ਡੀਐੱਸਪੀ ਜ਼ੀਰਾ, ਤਹਿਸੀਲਦਾਰ ਵਿਨੋਦ ਕੁਮਾਰ ਫ਼ਰੀਦਕੋਟ, ਮੁਕਤਸਰ ਤੇ ਫਿਰੋਜ਼ਪੁਰ ਤਿੰਨ ਜ਼ਿਲ੍ਹਿਆਂ ਦੀ ਪੁਲੀਸ ਸਣੇ ਧਰਨੇ ਵਾਲੀ ਥਾਂ ’ਤੇ ਪਹੁੰਚੇ ਤੇ ਧਰਨਾ ਫੈਕਟਰੀ ਤੋਂ ਦੂਰੀ ’ਤੇ ਲਗਾਉਣ ਦੀ ਅਪੀਲ ਕੀਤੀ। ਐੱਸਡੀਐੱਮ ਜ਼ੀਰਾ ਸ੍ਰੀ ਇੰਦਰਪਾਲ ਨੇ ਧਰਨਾਕਾਰੀਆਂ ਨੂੰ ਕਿਹਾ ਕਿ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਸ਼ਰਾਬ ਫੈਕਟਰੀ ਦੇ ਮੁੱਖ ਗੇਟ ਅੱਗੇ ਧਰਨਾ ਨਹੀਂ ਲਾਇਆ ਜਾ ਸਕਦਾ, ਇਸ ਲਈ ਇਹ ਧਰਨਾ 300 ਮੀਟਰ ਦੂਰ ਲਾਇਆ ਜਾਵੇ।
ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਬੇਸ਼ੱਕ ਤਿੰਨ ਦੀ ਥਾਂ ਛੇ ਜ਼ਿਲ੍ਹਿਆਂ ਦੀ ਪੁਲੀਸ ਆ ਜਾਵੇ, ਪਰ ਧਰਨਾ ਇਸ ਥਾਂ ਤੋਂ ਨਹੀਂ ਹਟਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕੈਂਸਰ ਤੇ ਦਿਲ ਦੀਆਂ ਬਿਮਾਰੀਆਂ ਵੰਡਣ ਵਾਲੀ ਇਹ ਸ਼ਰਾਬ ਫੈਕਟਰੀ ਹਰ ਹਾਲਤ ਵਿਚ ਬੰਦ ਕਰਵਾਈ ਜਾਵੇਗੀ। ਆਗੂਆਂ ਨੇ ਪੰਜਾਬ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ਦੇ ਵਾਤਾਵਰਨ ਤੇ ਪਾਣੀਆਂ ਨੂੰ ਬਚਾਉਣ ਦੀ ਗੱਲ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਇਸ ਸ਼ਰਾਬ ਫੈਕਟਰੀ ਦੇ ਮਾਮਲੇ ’ਤੇ ਚੁੱਪ ਕਿਉਂ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਸ਼ਰਾਬ ਫੈਕਟਰੀ ਅਤੇ ਨਾਲ ਦੇ ਪਿੰਡਾਂ ਵਿੱਚੋਂ ਲਏ ਗਏ ਮਿੱਟੀ ਤੇ ਪਾਣੀ ਦੇ ਸੈਂਪਲਾਂ ਦੀ ਰਿਪੋਰਟ ਹਾਲੇ ਤੱਕ ਜਨਤਕ ਕਿਉਂ ਨਹੀਂ ਕੀਤੀ ਗਈ।
ਧਰਨਾਕਾਰੀਆਂ ਵੱਲੋਂ ਧਰਨੇ ਵਾਲੀ ਥਾਂ ਬਦਲਣ ਤੋਂ ਇਨਕਾਰ ਕਰਨ ਮਗਰੋਂ ਪ੍ਰਸ਼ਾਸਨਿਕ ਅਧਿਕਾਰੀ ਤੇ ਪੁਲੀਸ ਬਿਨਾਂ ਕੋਈ ਕਾਰਵਾਈ ਕੀਤਿਆਂ ਵਾਪਸ ਮੁੜ ਗਏ। ਇਸ ਦੌਰਾਨ ਭਾਈ ਨਿਰਮਲ ਸਿੰਘ ਤਲਵੰਡੀ ਭਾਈ ਵਾਲੇ ਤੇ ਉਨ੍ਹਾਂ ਦੇ ਜਥੇ ਵੱਲੋਂ ਸੁਖਮਨੀ ਸਾਹਿਬ ਦਾ ਪਾਠ ਕਰਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।