ਜੁਪਿੰਦਰਜੀਤ ਸਿੰਘ
ਚੰਡੀਗੜ੍ਹ, 19 ਅਕਤੂਬਰ
ਸਿੰਘੂ ਕਤਲ ਕੇਸ ਦੀ ਜ਼ਿੰਮੇਵਾਰੀ ਲੈਣ ਵਾਲੀ ਨਿਹੰਗ ਜਥੇਬੰਦੀ ਦੇ ਆਗੂ ਬਾਬਾ ਅਮਨ ਸਿੰਘ ਨੇ ਸਵੀਕਾਰ ਕੀਤਾ ਹੈ ਕਿ ਉਹ ਭਾਜਪਾ ਦੇ ਮੰਤਰੀਆਂ ਨੂੰ ਮਿਲਿਆ ਸੀ। ਕਈ ਮੀਡੀਆ ਇੰਟਰਵਿਊਜ਼ ਵਿਚ ਉਹ ਮੰਨਿਆ ਹੈ ਕਿ ਉਸ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਤੇ ਹੋਰਾਂ ਨਾਲ ਮੁਲਾਕਾਤ ਕੀਤੀ ਸੀ। ਉਸ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਭਾਜਪਾ ਆਗੂ ਨੇ ਉਨ੍ਹਾਂ ਨੂੰ ਦਸ ਲੱਖ ਰੁਪਏ ਤੇ ਘੋੜਿਆਂ ਦੀ ਪੇਸ਼ਕਸ਼ ਕਰ ਕੇ ਸਿੰਘੂ ਬਾਰਡਰ ਧਰਨੇ ਵਾਲੀ ਥਾਂ ਖਾਲੀ ਕਰਨ ਲਈ ਕਿਹਾ ਸੀ ਪਰ ਉਨ੍ਹਾਂ ਇਨਕਾਰ ਕਰ ਦਿੱਤਾ। ਨਿਹੰਗ ਆਗੂ ਨੇ ਇਹ ਪ੍ਰਤੀਕਰਮ ਅੱਜ ਉਦੋਂ ਦਿੱਤਾ ਜਦ ਕਈ ਮੀਡੀਆ ਅਦਾਰਿਆਂ ਨੇ ਉਸ ਤੋਂ ‘ਦਿ ਟ੍ਰਿਬਿਊਨ’ ਤੇ ‘ਪੰਜਾਬੀ ਟ੍ਰਿਬਿਊਨ’ ਵਿਚ ਛਪੀ ਖ਼ਬਰ ਬਾਰੇ ਸੁਆਲ ਕੀਤੇ ਜਿਸ ਵਿਚ ਵੇਰਵਿਆਂ ਸਹਿਤ ਉਸ ਦੀਆਂ ਭਾਜਪਾ ਆਗੂਆਂ ਨਾਲ ਮੁਲਾਕਾਤਾਂ ਦੀਆਂ ਫੋਟੋਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ। ਨਾ ਤਾਂ ਭਾਜਪਾ ਆਗੂਆਂ ਤੇ ਨਾ ਹੀ ਨਿਹੰਗ ਆਗੂ ਨੇ ਇਸ ਤੋਂ ਪਹਿਲਾਂ ਇਨ੍ਹਾਂ ਮੀਟਿੰਗਾਂ ਬਾਰੇ ਕੋਈ ਜਾਣਕਾਰੀ ਸਾਂਝੀ ਕੀਤੀ ਸੀ। ਨਿਹੰਗ ਆਗੂ ਬਾਬਾ ਅਮਨ ਨੇ ਇਕ ਇੰਟਰਵਿਊ ਵਿਚ ਕਿਹਾ ‘ਅਸੀਂ ਪੈਸੇ ਨਹੀਂ ਲਏ। ਹਾਲਾਂਕਿ ਪੇਸ਼ਕਸ਼ ਕੀਤੀ ਗਈ ਸੀ। ਅਸੀਂ ਆਪਣੀਆਂ ਮੰਗਾਂ ਉਤੇ ਅੜੇ ਰਹੇ ਕਿ ਉਦੋਂ ਹੀ ਧਰਨਾ ਚੁੱਕਾਂਗੇ ਜਦ ਕਾਲੇ ਖੇਤੀ ਕਾਨੂੰਨ ਵਾਪਸ ਲਏ ਜਾਣਗੇ, ਐਮਐੱਸਪੀ ਜਾਰੀ ਰੱਖੀ ਜਾਵੇਗੀ, ਬੇਅਦਬੀ ਦੇ ਕੇਸਾਂ ਵਿਚ ਇਨਸਾਫ਼ ਮਿਲੇਗਾ ਤੇ ਸਾਡੇ ਖ਼ਿਲਾਫ਼ ਕੇਸ ਵਾਪਸ ਲਏ ਜਾਣਗੇ। ਅਸੀਂ ਉਨ੍ਹਾਂ ਨੂੰ ਦੱਸਿਆ ਕਿ ਧਰਨਾ ਉਦੋਂ ਹੀ ਚੁੱਕਾਂਗੇ ਜਦ ਮੰਗਾਂ ਮੰਨੀਆਂ ਜਾਣਗੀਆਂ। ਸਾਨੂੰ ਪੈਸੇ ਜਾਂ ਕਿਸੇ ਹੋਰ ਚੀਜ਼ ਦਾ ਲਾਲਚ ਨਹੀਂ ਹੈ। ਅਸੀਂ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਵੀ ਇਸ ਸਬੰਧੀ ਚਿੱਠੀਆਂ ਲਿਖੀਆਂ ਹਨ।’ ਬਾਬਾ ਅਮਨ ਨੇ ਅੱਜ ‘ਦਿ ਟ੍ਰਿਬਿਊਨ’ ਵੱਲੋਂ ਕੀਤੀਆਂ ਫੋਨ ਕਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ। ਨਿਹੰਗ ਆਗੂ ਵੱਲੋਂ ਕੀਤੇ ਦਾਅਵਿਆਂ ਬਾਰੇ ਪੁੱਛਣ ਲਈ ਜਦ ਭਾਜਪਾ ਆਗੂ ਸੁਖਮਿੰਦਰ ਗਰੇਵਾਲ ਨੂੰ ਫੋਨ ਕੀਤਾ ਗਿਆ ਤਾਂ ਉਸ ਨੇ ਵੀ ਫੋਨ ਨਹੀਂ ਚੁੱਕਿਆ। ਮੀਡੀਆ ਦੇ ਇਸ ਸਵਾਲ ਕਿ ਕੀ ਨਿਹੰਗ ਆਗੂ ਨੇ ਇਨ੍ਹਾਂ ਬੈਠਕਾਂ ਬਾਰੇ ਕਿਸਾਨ ਆਗੂਆਂ ਨਾਲ ਚਰਚਾ ਕੀਤੀ ਸੀ, ਤਾਂ ਨਿਹੰਗ ਆਗੂ ਨੇ ਕਿਹਾ ਕਿ ਉਨ੍ਹਾਂ ਨੂੰ ਕਿਸਾਨਾਂ ਨਾਲ ਗੱਲ ਕਰਨ ਦੀ ਕੋਈ ਲੋੜ ਨਹੀਂ ਹੈ। ‘ਮੈਂ ਤੋਮਰ ਨੂੰ ਮਿਲਣ ਇਕੱਲਾ ਨਹੀਂ ਗਿਆ ਸੀ। ਸਾਡੀ ਫ਼ੌਜ ਦੇ ਕਰੀਬ ਦਸ ਮੈਂਬਰ ਮੇਰੇ ਨਾਲ ਸਨ।’ ਦੱਸਣਯੋਗ ਹੈ ਕਿ ਨਿਹੰਗ ਆਗੂ ਤੇ ਭਾਜਪਾ ਦੇ ਮੰਤਰੀਆਂ ਦਰਮਿਆਨ ਹੋਈਆਂ ਮੀਟਿੰਗਾਂ ਬਾਰੇ ਰਿਪੋਰਟ ਛਪਣ ਤੋਂ ਬਾਅਦ ਸਵਾਲਾਂ ਦੀ ਝੜੀ ਲੱਗ ਗਈ ਹੈ, ਸਵਾਲ ਕੀਤਾ ਜਾ ਰਿਹਾ ਹੈ ਕਿ ਇਹ ਮੀਟਿੰਗਾਂ ਕਿਉਂ ਕੀਤੀਆਂ ਗਈਆਂ। ਜ਼ਿਕਰਯੋਗ ਹੈ ਕਿ ਸਿੰਘੂ ’ਤੇ ਹੋਏ ਕਤਲ ਤੋਂ ਬਾਅਦ ਚਾਰ ਨਿਹੰਗਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਨਿਹੰਗ ਆਗੂ ਬਾਬਾ ਅਮਨ ਨੇ ਨਾਲ ਹੀ ਕਿਹਾ ਕਿ ਉਨ੍ਹਾਂ ਦੇ ਗਰੁੱਪ ਦੇ ਸੀਨੀਅਰ 27 ਅਕਤੂਬਰ ਨੂੰ ਦਿੱਲੀ ਵਿਚ ਬੈਠਕ ਕਰ ਕੇ ਇਹ ਤੈਅ ਕਰਨਗੇ ਕਿ ਕੀ ਉਹ ਧਰਨੇ ਵਾਲੀ ਥਾਂ ਉਤੇ ਟਿਕੇ ਰਹਿਣਗੇ ਜਾਂ ਉੱਥੋਂ ਚਲੇ ਜਾਣਗੇ। ਉਸ ਨੇ ਕਿਹਾ ‘ਜੇ ਸੰਗਤ ਚਾਹੇਗੀ ਤਾਂ ਅਸੀਂ ਚਲੇ ਜਾਵਾਂਗੇ।’ ਬਾਬਾ ਅਮਨ ਨੇ ਕਿਹਾ ਕਿ ਉਹ ਬੇਅਦਬੀ ਕੇਸਾਂ ਵਿਚ ਨਿਆਂ ਲੈਣ ਲਈ ਇਕ ਧਾਰਮਿਕ ਜੰਗ ਲੜ ਰਹੇ ਹਨ ਤੇ ਧਰਨੇ ਉਤੇ ਕਿਸਾਨਾਂ ਲਈ ਨਹੀਂ ਬੈਠੇ।
ਜਾਖੜ ਤੇ ਸੁਰਜੇਵਾਲਾ ਨੇ ਮੀਟਿੰਗਾਂ ਦੀ ਉੱਚ ਪੱਧਰੀ ਜਾਂਚ ਮੰਗੀ
ਕਾਂਗਰਸ ਦੇ ਰਾਸ਼ਟਰੀ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਨਿਹੰਗ ਆਗੂ ਤੇ ਭਾਜਪਾ ਆਗੂਆਂ ਦਰਮਿਆਨ ਹੋਈਆਂ ਬੈਠਕਾਂ ਦੀ ਉੱਚ ਪੱਧਰੀ ਜਾਂਚ ਮੰਗੀ ਹੈ। ਜਾਖੜ ਨੇ ਟਵੀਟ ਕੀਤਾ ਕਿ ਇਕ ਵਿਅਕਤੀ ਆਪਣੀ ਸੰਗਤ ਤੋਂ ਹੀ ਜਾਣਿਆ ਜਾਂਦਾ ਹੈ। ਉਹ ਬੈਠਕ ਵਿਚ ਬਰਖਾਸਤ ਪੁਲੀਸ ਕਰਮੀ ਗੁਰਮੀਤ ਪਿੰਕੀ ਦੀ ਮੌਜੂਦਗੀ ਵੱਲ ਇਸ਼ਾਰਾ ਕਰ ਰਹੇ ਸਨ।
ਨਿਹੰਗ ਅਮਨ ਸਿੰਘ ਨੇ ਗੱਦਾਰੀ ਕੀਤੀ ਤਾਂ ਕਾਰਵਾਈ ਹੋਵੇਗੀ: ਰਾਜਾ ਰਾਜ ਸਿੰਘ
ਨਵੀਂ ਦਿੱਲੀ (ਪੱਤਰ ਪ੍ਰੇਰਕ): ਕੇਂਦਰ ਸਰਕਾਰ ਤੇ ਕਿਸਾਨ ਯੂਨੀਅਨਾਂ ਦਰਮਿਆਨ ਗੱਲਬਾਤ ’ਚ ਆਈ ਹੋਈ ਖੜੋਤ ਦੌਰਾਨ ਬਾਬਾ ਅਮਨ ਸਿੰਘ ਦੀਆਂ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ, ਭਾਜਪਾ ਦੇ ਕਿਸਾਨ ਆਗੂ ਸੁਖਵਿੰਦਰ ਸਿੰਘ ਗਰੇਵਾਲ ਸਮੇਤ ਸਾਬਕਾ ਪੁਲੀਸ ਕੈਟ ਪਿੰਕੀ ਆਦਿ ਨਾਲ ਛਪੀਆਂ ਤਸਵੀਰਾਂ ਬਾਰੇ ਨਿਹੰਗ ਮੁਖੀ ਬਾਬਾ ਰਾਜਾ ਰਾਜ ਸਿੰਘ ਨੇ ਕਿਹਾ ਕਿ ਜੇਕਰ ਬਾਬਾ ਅਮਨ ਸਿੰਘ ਨੇ ਕੋਈ ਗੱਦਾਰੀ ਕੀਤੀ ਹੋਈ ਜਾਂ ਕੋਈ ਅਜਿਹਾ ਕਦਮ ਚੁੱਕਿਆ ਹੋਇਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਬਾਬਾ ਰਾਜਾ ਰਾਜ ਸਿੰਘ ਨੇ ਕਿਹਾ, ‘ਜੇਕਰ ਅਮਨ ਸਿੰਘ ਨੇ ਗ਼ੱਦਾਰੀ ਕੀਤੀ ਤਾਂ ਫਿਰ ਉਹ ਸਾਡਾ ਕੀ ਲੱਗਦਾ ਹੈ। ਸਾਡੇ ਨਾਲ ਰਹਿ ਕੇ ਜਾਂ ਕਿਸਾਨ ਅੰਦੋਲਨ ਵਿੱਚ ਰਹਿ ਕੇ ਜੇ ਉਸ ਨੇ ਅਜਿਹਾ ਕੁਝ ਕੀਤਾ ਹੋਇਆ ਤਾਂ ਦੋ-ਚਾਰ ਦਿਨਾਂ ਵਿੱਚ ਸਾਰੇ ਨਿਹੰਗ ਮੁਖੀਆਂ ਨੂੰ ਬੁਲਾ ਕੇ ਉਸ ਬਾਰੇ ਫ਼ੈਸਲਾ ਲਿਆ ਜਾਵੇਗਾ। ਪੰਥਕ ਮਰਿਆਦਾ ਮੁਤਾਬਕ ਕਾਰਵਾਈ ਕੀਤੀ ਜਾਵੇਗੀ।’ ਨਿਹੰਗ ਆਗੂ ਬਾਬਾ ਅਮਨ ਨੇ ਇਕ ਇੰਟਰਵਿਊ ਵਿਚ ਕਿਹਾ ‘ਅਸੀਂ ਪੈਸੇ ਨਹੀਂ ਲਏ। ਹਾਲਾਂਕਿ ਪੇਸ਼ਕਸ਼ ਕੀਤੀ ਗਈ ਸੀ। ਅਸੀਂ ਆਪਣੀਆਂ ਮੰਗਾਂ ਉਤੇ ਅੜੇ ਰਹੇ ਕਿ ਉਦੋਂ ਹੀ ਧਰਨਾ ਚੁੱਕਾਂਗੇ ਜਦ ਕਾਲੇ ਖੇਤੀ ਕਾਨੂੰਨ ਵਾਪਸ ਲਏ ਜਾਣਗੇ। ਨਿਹੰਗ ਮੁਖੀ ਨੇ ਕਿਹਾ ਕਿ ਬਾਬਾ ਅਮਨ ਸਿੰਘ ਵੱਲੋਂ ਉਨ੍ਹਾਂ ਨੂੰ ਦਸ ਲੱਖ ਰੁਪਏ ਦੇਣ ਤੇ ਸਿੰਘੂ ਤੋਂ ਜਾਣ ਦੀ ਕੀਤੀ ਪੇਸ਼ਕਸ਼ ਬਾਰੇ ਵੀ ਅੱਜ ਦੱਸਿਆ ਗਿਆ ਹੈ ਪਰ ਅਸਲੀ ਤੱਥ ਤਾਂ ਅਮਨ ਸਿੰਘ ਨੇ ਦੱਸਣੇ ਹਨ ਅਤੇ ਉਹ ਸਬੂਤਾਂ ਸਮੇਤ ਸਪੱਸ਼ਟੀਕਰਨ ਦੇਣਗੇ।
ਸਿੰਘੂ ਕਤਲ ਕੇਸਵਿੱਚ ਵਰਤੀਆਂ ਤਲਵਾਰਾਂ ਤੇ ਕੱਪੜੇ ਬਰਾਮਦ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਪੁਲੀਸ ਨੇ ਸਿੰਘੂ ਬਾਰਡਰ ’ਤੇ ਨਿਹੰਗ ਸਿੰਘਾਂ ਵੱਲੋਂ ਲਖਬੀਰ ਸਿੰਘ ਨਾਂ ਦੇ ਵਿਅਕਤੀ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਮਾਮਲੇ ਵਿੱਚ ਪੀੜਤ ਦਾ ਹੱਥ ਤੇ ਪੈਰ ਵੱਢਣ ਲਈ ਵਰਤੀਆਂ ਗਈਆਂ ਦੋ ਤਲਵਾਰਾਂ ਤੇ ਮੁਲਜ਼ਮਾਂ ਦੇ ਖੂਨ ਨਾਲ ਲਬਿੜੇ ਕੱਪੜੇ ਬਰਾਮਦ ਕਰ ਲਏ ਹਨ। ਇਹ ਕੱਪੜੇ ਦੋ ਹੋਰਨਾਂ ਮੁਲਜ਼ਮਾਂ ਭਗਵੰਤ ਤੇ ਗੋਵਿੰਦ ਪ੍ਰੀਤ ਦੇ ਦੱਸੇ ਜਾਂਦੇ ਹਨ। ਮੁਲਜ਼ਮਾਂ ਸਰਬਜੀਤ ਸਿੰਘ ਤੇ ਨਰੈਣ ਸਿੰਘ ਦੀਆਂ ਤਲਵਾਰਾਂ ਤੇ ਕੱਪੜੇ ਪਹਿਲਾਂ ਹੀ ਬਰਾਮਦ ਕੀਤੇ ਜਾ ਚੁੱਕੇ ਹਨ। ਹਰਿਆਣਾ ਦੇ ਸੋਨੀਪਤ ਵਿੱਚ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਨਿਹੰਗ ਸਿੰਘ ਭਗਵੰਤ ਤੇ ਗੋਵਿੰਦ ਪ੍ਰੀਤ ਦੇ ਖੂਨ ਨਾਲ ਲਬਿੜੇ ਕੱਪੜੇ ਤੇ ਤਲਵਾਰਾਂ ਬਰਾਮਦ ਕਰ ਲਈਆਂ ਹਨ। ਪੁਲੀਸ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਮਿਲਿਆ ਇੱਕ ਮੋਬਾਈਲ ਫ਼ੋਨ ਵੀ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਤਿੰਨ ਹੋਰਨਾਂ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਸਿੰਘੂ ਕਤਲ ਕਾਂਡ ਦੀ ਫੌਰੀ ਤੇ ਵਿਆਪਕ ਜਾਂਚ ਹੋਵੇ: ਮੋਰਚਾ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 19 ਅਕਤੂਬਰ
ਨਿਹੰਗ ਸਿੰਘਾਂ ਦੇ ਇੱਕ ਆਗੂ ਵੱਲੋਂ ਕੇਂਦਰੀ ਖੇਤੀ ਰਾਜ ਮੰਤਰੀ ਕੈਲਾਸ਼ ਚੌਧਰੀ ਨਾਲ ਕੀਤੀ ਮੁਲਾਕਾਤ ਦੀਆਂ ਤਸਵੀਰਾਂ ਜਨਤਕ ਹੋਣ ਮਗਰੋਂ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ 11 ਮਹੀਨਿਆਂ ਤੋਂ ਚੱਲੇ ਰਹੇ ਅੰਦੋਲਨ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਨੇ ਸਿੰਘੂ ਬਾਰਡਰ ਕਤਲ ਕਾਂਡ ਦੀ ਫੌਰੀ ਤੇ ਵਿਆਪਕ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ।
ਮੋਰਚੇ ਨੇ ਇਕ ਬਿਆਨ ਵਿੱਚ ਕਿਹਾ ਕਿ ਨਿਹੰਗ ਸਿੰਘਾਂ ਦੇ ਆਗੂ ਵੱਲੋਂ ਜੁਲਾਈ ਮਹੀਨੇ ਕੇਂਦਰੀ ਖੇਤੀ ਰਾਜ ਮੰਤਰੀ ਨਾਲ ਮੁਲਾਕਾਤ ਕੀਤੇ ਜਾਣ ਬਾਰੇ ਰਿਪੋਰਟਾਂ ਸਾਹਮਣੇ ਆਈਆਂ ਹਨ। ਜ਼ਾਹਿਰ ਹੈ ਕਿ ਕਿਸਾਨ ਅੰਦੋਲਨ ਦੇ ਹੱਲ ਲਈ ਅਜਿਹਾ ਹੋਇਆ ਹੋਵੇਗਾ। ਇਹ ਨਿਹੰਗ ਸਿੱਖ ਆਗੂ ਉਸੇ ਸਮੂਹ ਵਿੱਚੋਂ ਹੈ, ਜੋ 15 ਅਕਤੂਬਰ ਨੂੰ ਸਿੰਘੂ ਬਾਰਡਰ ’ਤੇ ਲਖਬੀਰ ਸਿੰਘ ਦੇ ਬੇਰਹਿਮੀ ਨਾਲ ਕੀਤੇ ਕਤਲ ਵਿੱਚ ਸ਼ਾਮਲ ਸੀ। ਮੋਰਚੇ ਨੇ ਕਿਹਾ ਕਿ ਸਿੰਘੂ ਬਾਰਡਰ ਹੱਤਿਆ ਕਾਂਡ ਭਾਜਪਾ ਅਤੇ ਇਸ ਦੀਆਂ ਸਰਕਾਰਾਂ ਵੱਲੋਂ ਲਖੀਮਪੁਰ ਹਿੰਸਾ ਕੇਸ ਤੋਂ ਧਿਆਨ ਲਾਂਭੇ ਕਰਨ ਦੀ ਸਾਜ਼ਿਸ਼ ਦਾ ਹਿੱਸਾ ਹੈ, ਜਿਸ ਦੀ ਫੌਰੀ ਅਤੇ ਵਿਆਪਕ ਜਾਂਚ ਕੀਤੇ ਜਾਣ ਦੀ ਲੋੜ ਹੈ।
ਮੋਰਚੇ ਨੇ ਕਿਹਾ ਕਿ ਕਿਸੇ ਵੀ ਧਰਮ ਵਿੱਚ ਬੇਅਦਬੀ ਸਵੀਕਾਰਯੋਗ ਨਹੀਂ ਹੈ ਤੇ ਇਸ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਮੋਰਚੇ ਨੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੌਕਸ ਰਹਿਣ ਤੇ ਖਤਰਨਾਕ ਭੁਲੇਖਿਆਂ ਦਾ ਸ਼ਿਕਾਰ ਨਾ ਹੋਣ। ਮੋਰਚੇ ਨੇ ਕਿਸਾਨ ਅੰਦੋਲਨ ਦੀਆਂ ਮੁੱਖ ਮੰਗਾਂ ਉੱਤੇ ਡੱਟ ਕੇ ਪਹਿਰਾ ਦੇਣ ਦੀ ਵੀ ਅਪੀਲ ਕੀਤੀ ਹੈ।