ਨਵੀਂ ਦਿੱਲੀ, 31 ਦਸੰਬਰ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੱਜ ਕਿਹਾ ਹੈ ਕਿ ਉਨ੍ਹਾਂ ਨੇ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਦੇ ਮੈਂਬਰ ਜਸਵਿੰਦਰ ਸਿੰਘ ਮੁਲਤਾਨੀ ਅਤੇ ਹੋਰ ਖਾਲਿਸਤਾਨੀ ਕਾਰਕੁਨਾਂ ਖ਼ਿਲਾਫ ਨਵਾਂ ਕੇਸ ਦਰਜ ਕੀਤਾ ਹੈ। ਐੱਨਆਈਏ ਨੇ ਹਾਲਾਂਕਿ ਸਪੱਸ਼ਟ ਕੀਤਾ ਕਿ ਲੁਧਿਆਣਾ ਅਦਾਲਤ ਵਿੱਚ ਹੋਏ ਬੰਬ ਧਮਾਕੇ ਦੇ ਮਾਮਲੇ ਦੀ ਪੰਜਾਬ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ (ਐੱਨਆਈਏ) ਨੇ ਖਾਲਿਸਤਾਨੀ ਤੱਤਾਂ ਖ਼ਿਲਾਫ਼ ਨਵਾਂ ਕੇਸ ਦਰਜ ਕੀਤਾ ਹੈ। ਐੱਨਆਈਏ ਅਧਿਕਾਰੀ ਨੇ ਦੱਸਿਆ, ‘ਅਸੀਂ ਮੁਲਤਾਨੀ ਸਮੇਤ ਖਾਲਿਸਤਾਨੀ ਤੱਤਾਂ ਵਿਰੁੱਧ ਕੇਸ ਦਰਜ ਕੀਤਾ ਹੈ। ਅਸੀਂ ਫਿਲਹਾਲ ਲੁਧਿਆਣਾ ਧਮਾਕੇ ਦੇ ਕੇਸ ਨੂੰ ਆਪਣੇ ਹੱਥ ਨਹੀਂ ਲਿਆ ਹੈ।’ ਸੂਤਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਐੱਨਆਈਏ ਦੇ ਉੱਚ ਅਧਿਕਾਰੀਆਂ ਦੀ ਟੀਮ ਬਣਾਈ ਗਈ ਸੀ। ਟੀਮ ਦੇ 2022 ਦੇ ਪਹਿਲੇ ਹਫ਼ਤੇ ਜਰਮਨੀ ਦੀ ਯਾਤਰਾ ਕਰਨ ਦੀ ਸੰਭਾਵਨਾ ਹੈ। ਭਾਰਤੀ ਖੁਫੀਆ ਏਜੰਸੀਆਂ ਦੇ ਸਬੂਤਾਂ ਤੋਂ ਬਾਅਦ ਜਰਮਨ ਅਧਿਕਾਰੀਆਂ ਨੇ ਜਸਵਿੰਦਰ ਸਿੰਘ ਮੁਲਤਾਨੀ ਨੂੰ ਬਰਲਿਨ ਤੋਂ ਹਿਰਾਸਤ ਵਿੱਚ ਲਿਆ ਸੀ।