ਬਲਜੀਤ ਸਿੰਘ
ਸਰਦੂਲਗੜ੍ਹ, 17 ਅਗਸਤ
ਭਾਖੜਾ ਮੇਨ ਬਰਾਂਚ ਵਿੱਚੋਂ ਨਿਕਲਦੀ ਨਿਊ ਢੰਡਾਲ ਨਹਿਰ ’ਚ ਦੂਜੇ ਦਿਨ ਫਿਰ ਪਾੜ ਪੈ ਗਿਆ। ਇਸ ਕਾਰਨ ਘੱਗਰ ਤੋਂ ਪਾਰ ਦਰਜਨ ਤੋਂ ਜ਼ਿਆਦਾ ਪਿੰਡਾਂ ਨੂੰ ਪੀਣ ਅਤੇ ਸਿੰਜਾਈ ਲਈ ਪਾਣੀ ਦੀ ਭਾਰੀ ਕਿੱਲਤ ਆ ਗਈ ਹੈ।
ਪਿੰਡ ਆਹਲੂਪੁਰ ਦੇ ਖੇਤਾਂ ’ਚ ਨਿਊ ਢੰਡਾਲ ਨਹਿਰ ਵਿੱਚ ਸ਼ਨਿੱਚਰਵਾਰ ਦੀ ਰਾਤ ਅਚਾਨਕ ਪਾੜ ਪੈ ਗਿਆ ਸੀ ਜਿਸ ਕਾਰਨ ਸੈਂਕੜੇ ਏਕੜ ਖੜ੍ਹੀ ਝੋਨੇ ਅਤੇ ਨਰਮੇ ਦੀ ਫ਼ਸਲ ’ਚ ਪਾਣੀ ਭਰ ਗਿਆ। ਪਤਾ ਲੱਗਣ ’ਤੇ ਫਤਿਹਪੁਰ ਹੈੱਡ ਵਰਕਸ ਤੋਂ ਪਾਣੀ ਬੰਦ ਕਰ ਦਿੱਤਾ ਗਿਆ ਸੀ। ਕਿਸਾਨਾਂ ਤੇ ਨਰੇਗਾ ਮਜ਼ਦੂਰਾਂ ਦੇ ਸਹਿਯੋਗ ਨਾਲ ਮਹਿਕਮੇ ਵੱਲੋਂ ਨਹਿਰ ਚ ਪਏ ਪਾੜ ਨੂੰ ਪੂਰ ਦਿੱਤਾ ਗਿਆ ਸੀ ਅਤੇ ਨਹਿਰ ਵਿੱਚ ਪਾਣੀ ਦੀ ਸਪਲਾਈ ਸ਼ੁਰੂ ਕਰ ਦਿੱਤੀ ਸੀ ਪਰ ਨਹਿਰ ’ਚ ਦੁਬਾਰਾ ਫਿਰ ਪਾੜ ਪੈ ਗਿਆ ਜਿਸ ਕਾਰਨ ਨੇੜਲੀਆ ਫਸਲਾਂ ਜ਼ਿਆਦਾ ਪਾਣੀ ਪੈਣ ਕਰਕੇ ਖਰਾਬ ਹੋਣ ਦੀ ਸੰਭਾਵਨਾ ਹੈ ਅਤੇ ਪਾੜ ਪੈਣ ਕਾਰਨ ਬਾਕੀ ਫਸਲਾਂ ਨੂੰ ਸਮੇਂ ਸਿਰ ਪਾਣੀ ਨਾ ਲੱਗਣ ਕਰਕੇ ਬਰਬਾਦ ਹੋ ਰਹੀਆਂ ਹਨ।
ਕਿਸਾਨ ਬਲਜੀਤਪਾਲ ਸਿੰਘ ਝੰਡਾ ਕਲਾਂ, ਸ਼ਰਨਜੀਤ ਸਿੰਘ ਮਾਨਖੇੜਾ, ਅਜਾਇਬ ਸਿੰਘ ਮਾਨਖੇੜਾ, ਗੁਰਵਿੰਦਰ ਸਿੰਘ, ਬਲਵੀਰ ਸਿੰਘ ਮੈਂਬਰ, ਮੇਜਰ ਸਿੰਘ ਝੰਡਾ ਕਲਾਂ, ਕਿਸਾਨ ਹਰਬੰਸ ਸਿੰਘ ਨਹਾਰਾ, ਰਾਣਾ ਸਿੰਘ ਨਾਹਰਾ, ਕਿਸਾਨ ਜਗਵੰਤ ਸਿੰਘ ਮਾਨਖੇੜਾ ਦਾ ਕਹਿਣਾ ਹੈ ਕਿ ਉਨ੍ਹਾਂ ਕਈ ਵਾਰ ਸਬੰਧਤ ਮਹਿਕਮੇ ਤੇ ਸਿਵਲ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਤੇ ਜੁਬਾਨੀ ਇਸ ਖਸਤਾ ਹਾਲਤ ਨਹਿਰ ਦੀਆਂ ਸ਼ਿਕਾਇਤਾਂ ਕਰ ਚੁੱਕੇ ਹਨ ਪਰ ਅੱਜ ਤੱਕ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ। ਨਿਊ ਢੰਡਾਲ ਨਹਿਰ ਦਾ ਸਫਾਈ ਪੱਖੋ ਬਹੁਤ ਬੁਰਾ ਹਾਲ ਹੈ। ਮਹਿਕਮਾ ਸਿਰਫ ਕਾਗਜ਼ਾਂ ’ਚ ਹੀ ਸਾਫ-ਸਫਾਈ ਕਰਦਾ ਹੈ ਜਿਸ ਦਾ ਖਮਿਆਜ਼ਾ ਕਿਸਾਨਾਂ ਨੂੰ ਭੁਗਤਨਾ ਪੈ ਰਿਹਾ ਹੈ।
ਇਸ ਸਬੰਧੀ ਨਹਿਰੀ ਵਿਭਾਗ ਦੇ ਐੱਸਡੀਓ ਗੁਣਦੀਪ ਸਿੰਘ ਦੱਸਿਆ ਕਿ ਨਹਿਰ ਦਾ ਪਾੜ ਪੂਰ ਦਿੱਤਾ ਗਿਆ ਸੀ ਪਰ ਫਿਰ ਤੋਂ ਦੁਬਾਰਾ ਟੁੱਟ ਜਾਣ ਕਰਕੇ ਇਸ ਨੂੰ ਫਿਰ ਤੋਂ ਪੂਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਨਹਿਰ ਦੀ ਸਫਾਈ ਕਰਾਈ ਜਾਂਦੀ ਹੈ।