ਦਵਿੰਦਰ ਸਿੰਘ ਭੰਗੂ
ਰਈਆ, 6 ਜੂਨ
ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਜੂਨ 1984 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ 37ਵਾਂ ਸ਼ਹੀਦੀ ਸਮਾਗਮ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੌਕ ਵਿਖੇ ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਨੂੰ 1984 ਦੌਰਾਨ ਭਾਰਤ ਦੀ ਅਖੌਤੀ ਲੋਕਤੰਤਰ ਦੀਆਂ ਵਧੀਕੀਆਂ ਅਤੇ ਹੱਡੀਂ ਹੰਢਾਏ ਜ਼ੁਲਮਾਂ ਦੀ ਦਾਸਤਾਨ ਬਾਰੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਣੂ ਕਰਾਉਣ ਲਈ ਇਤਿਹਾਸ ਨੂੰ ਕਲਮਬੰਦ ਕਰਨ ਅਤੇ ਮੌਖਿਕ ਰਿਕਾਰਡਿੰਗ ਦੀ ਲੋੜ ’ਤੇ ਜ਼ੋਰ ਦਿੱਤਾ।
ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਅਗਵਾਈ ਹੇਠ ਗੁਰਧਾਮਾਂ ਦੀ ਰਾਖੀ ਲਈ ਆਪਾ ਵਾਰਨ ਵਾਲੇ ਸ਼ਹੀਦ ਭਾਈ ਅਮਰੀਕ ਸਿੰਘ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਜਥੇਦਾਰ ਬਾਬਾ ਠਾਹਰਾ ਸਿੰਘ ਅਤੇ ਜਨਰਲ ਭਾਈ ਸੁਬੇਗ ਸਿੰਘ ਦੇ ਪਰਉਪਕਾਰ ਤੋਂ ਜਾਣੂ ਕਰਵਾਇਆ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਭਾਰਤ ਵਿੱਚ ਘੱਟ ਗਿਣਤੀ ਸਿੱਖਾਂ ’ਤੇ ਹੋ ਰਹੇ ਨਸਲੀ ਹਮਲਿਆਂ ਪ੍ਰਤੀ ਫਿਕਰਮੰਦੀ ਜਾਹਿਰ ਕਰਦਿਆਂ ਸਮੁੱਚੀ ਕੌਮ ਨੂੰ ਇੱਕ ਪਲੇਟਫਾਰਮ ’ਤੇ ਇਕੱਠੇ ਹੋਣ ਦੀ ਅਪੀਲ ਕੀਤੀ।
ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵੀ ਸੰਗਤ ਨੂੰ ਸੰਬੋਧਨ ਕੀਤਾ। ਇਸ ਮੌਕੇ ਬੁੜੈਲ ਜੇਲ੍ਹ ਚੰਡੀਗੜ੍ਹ ਤੋਂ ਬੇਅੰਤ ਸਿੰਘ ਕਤਲ ਕੇਸ ਵਿੱਚ ਬੰਦ ਭਾਈ ਪਰਮਜੀਤ ਸਿੰਘ ਭਿਓਰਾ ਅਤੇ ਭਾਈ ਜਗਤਾਰ ਸਿੰਘ ਤਾਰਾ ਨੇ ਵੀ ਦਮਦਮੀ ਟਕਸਾਲ ਦੇ ਮੁਖੀ ਨੂੰ ਕੌਮ ਦੇ ਨਾਮ ਸੰਦੇਸ਼ ਭੇਜਿਆ। ਇਸ ਮੌਕੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ, ਸਮੂਹ ਨਾਨਕਸਰ ਸੰਪਰਦਾਇ ਵੱਲੋਂ ਸੰਤ ਬਾਬਾ ਹਰੀ ਸਿੰਘ ਨਾਨਕਸਰ ਵਾਲੇ, ਭਾਈ ਅਨੰਦ ਬਾਜ਼ ਸਿੰਘ ਨਾਨਕਸਰ ਸਮਰਾਲਾ ਚੌਕ ਅਤੇ ਰਾੜਾ ਸਾਹਿਬ ਸੰਪਰਦਾ ਤੋਂ ਭਾਈ ਬਲਦੇਵ ਸਿੰਘ ਸਮੇਤ ਕਈ ਆਗੂਆਂ ਨੇ ਹਾਜ਼ਰੀ ਭਰੀ।