ਮਿਹਰ ਸਿੰਘ
ਕੁਰਾਲੀ, 19 ਦਸੰਬਰ
ਇੱਥੋਂ ਨੇੜਲੇ ਪਿੰਡ ਨੱਗਲ ਵਿੱਚ ਕਿਸਾਨੀ ਸੰਘਰਸ਼ ਦੀ ਜਿੱਤ ਦੇ ਸ਼ੁਕਰਾਨੇ ਵਜੋਂ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਪੰਜਾਬ ਵਿੱਚ ਰਾਜਸੀ ਤੇ ਸਮਾਜਿਕ ਸੁਧਾਰ ਲਿਆਉਣੇ ਸਮੇਂ ਦੀ ਲੋੜ ਹੈ ਅਤੇ ਇਸੇ ਲਈ ਉਨ੍ਹਾਂ ਚੋਣ ਮੈਦਾਨ ਵਿੱਚ ਨਿੱਤਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਰਾਜ ਸੱਤਾ ਦਾ ਆਨੰਦ ਲੈਣ ਵਾਲੀਆਂ ਪਾਰਟੀਆਂ ਨੇ ਆਮ ਲੋਕਾਂ, ਵਿਸ਼ੇਸ਼ ਕਰਕੇ ਕਿਸਾਨਾਂ ਲਈ ਕੁਝ ਨਹੀਂ ਕੀਤਾ, ਇਸ ਲਈ ਆਮ ਲੋਕਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਲੋਕ ਪੱਖੀ ਧਿਰਾਂ ਨੂੰ ਸਿਆਸਤ ਵਿੱਚ ਆਉਣਾ ਪਏਗਾ ਕਿਉਂਕਿ ਸੱਤਾ ਵਿੱਚ ਆਏ ਬਗੈਰ ਸਿਆਸੀ ਤੇ ਸਮਾਜਿਕ ਕ੍ਰਾਂਤੀ ਸੰਭਵ ਨਹੀਂ। ਉਨ੍ਹਾਂ ਸਾਫ਼-ਸੁਥਰੇ ਅਕਸ ਤੇ ਇਮਾਨਦਾਰ ਵਿਅਕਤੀਆਂ ਨੂੰ ਲੋਕਾਂ ਦੀ ਸੇਵਾ ਲਈ ਸਿਆਸਤ ’ਚ ਆਉਣ ਦਾ ਸੱਦਾ ਦਿੱਤਾ। ਕਿਸਾਨ ਆਗੂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਉਹ ਪੰਜਾਬੀਆਂ ਨੂੰ ਇੱਕ ਨਵਾਂ ਬਦਲ ਦੇਣਗੇ, ਜਿਸ ਸਬੰਧੀ ਹਰ ਵਰਗ ਦੇ ਲੋਕ ਉਤਸ਼ਾਹਿਤ ਹਨ।
ਫਿਲਮ ਅਦਾਕਾਰ ਯੋਗਰਾਜ ਸਿੰਘ ਨੇ ਕਿਹਾ ਕਿ ਪੰਜਾਬੀਆਂ ਨੇ ਪੁਰਾਣੇ ਸਮਿਆਂ ਵਾਂਗ ਹੀ ਸੰਘਰਸ਼ ਵਿੱਚ ਵੱਡਾ ਯੋਗਦਾਨ ਪਾ ਕੇ ਇਸ ਸਦੀ ਦਾ ਇਤਿਹਾਸ ਸਿਰਜਿਆ ਹੈ। ਮਟਕਾ ਚੌਕ ਤੋਂ ਪੁੱਜੇ ਸਤਨਾਮ ਸਿੰਘ ਟਾਂਡਾ ਅਤੇ ਲੋਕ ਹਿੱਤ ਮਿਸ਼ਨ ਤੋਂ ਪੁੱਜੇ ਰਵਿੰਦਰ ਸਿੰਘ ਵਜੀਦਪੁਰ, ਸੁਖਦੇਵ ਸਿੰਘ ਸੁੱਖਾ, ਬਾਬਾ ਸ਼ਿੰਗਾਰਾ ਸਿੰਘ, ਬਲਵਿੰਦਰ ਸਿੰਘ ਰੰਗੂਆਣਾ ਅਤੇ ਗੁਰਦੀਪ ਸਿੰਘ ਮਹਿਰਮਪੁਰ ਨੇ ਪਿੰਡ ਵਾਸੀਆਂ ਦਾ ਸੰਘਰਸ਼ ਵਿੱਚ ਪਾਏ ਯੋਗਦਾਨ ਬਦਲੇ ਧੰਨਵਾਦ ਕੀਤਾ।
ਇਸ ਮੌਕੇ ਲੋਕ ਹਿੱਤ ਮਿਸ਼ਨ ਨੇ ਇਲਾਕੇ ਦੇ ਹਰ ਕਾਰਜ ’ਚ ਅੱਗੇ ਹੋ ਕੇ ਸਹਾਇਤਾ ਕਰਨ ਦਾ ਐਲਾਨ ਕੀਤਾ।