ਕੇ.ਪੀ. ਸਿੰਘ
ਗੁਰਦਾਸਪੁਰ, 15 ਜੂਨ
ਕੌਮੀ ਸਕੂਲ ਖੇਡਾਂ ਵਿੱਚ ਸੋਨ ਤਗਮੇ ਜਿੱਤਣ ਵਾਲੇ ਤਿੰਨ ਸਕੇ ਭਰਾ ਅੱਜ-ਕੱਲ੍ਹ ਘਰ ਦਾ ਗੁਜ਼ਾਰਾ ਚਲਾਉਣ ਲਈ ਫਲ ਵੇਚ ਰਹੇ ਹਨ। ਕਰੋਨਾਵਾਇਰਸ ਕਾਰਨ ਇਨ੍ਹਾਂ ਦਾ ਪਿਤਾ ਰਾਜੇਸ਼ ਸ਼ਰਮਾ ਬੇਰੁਜ਼ਗਾਰੀ ਦਾ ਸ਼ਿਕਾਰ ਹੈ। ਪਹਿਲਾਂ ਉਹ ਇੱਕ ਟੈਂਟ ਹਾਊਸ ਦੇ ਮਾਲਕ ਲਈ ਟੈਂਪੂ ਚਲਾਉਂਦਾ ਸੀ, ਜਿਸ ਨਾਲ ਉਨ੍ਹਾਂ ਦਾ ਗੁਜ਼ਾਰਾ ਚੱਲਦਾ ਸੀ ਪਰ ਮਾਰਚ ਮਹੀਨੇ ਕੀਤੀ ਤਾਲਾਬੰਦੀ ਕਾਰਨ ਕੰਮਕਾਰ ਬੰਦ ਹੋ ਗਿਆ ਤੇ ਉਨ੍ਹਾਂ ਨੂੰ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ। ਜਾਣਕਾਰੀ ਅਨੁਸਾਰ ਸ਼ਿਵਨੰਦਨ (17), ਅਭਿਨੰਦਨ (16) ਅਤੇ ਰਘੁਨੰਦਨ (13) ਨਾਮੀ ਇਹ ਤਿੰਨ ਸਕੇ ਭਰਾ ਸਕੂਲ ਗੇਮਜ਼ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਕਰਵਾਈਆਂ ਜਾਣ ਵਾਲੀਆਂ ਕੌਮੀ ਖੇਡਾਂ ਵਿੱਚ ਜੂਡੋ ਦੇ ਆਪੋ ਆਪਣੇ ਵਰਗ ਵਿੱਚ ਤਗ਼ਮੇ ਜਿੱਤੇ ਚੁੱਕੇ ਹਨ। ਹੁਣ ਇਹ ਤਿੰਨੇ ਭਰਾ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਨੇੜੇ ਤਰਬੂਜ਼ ਅਤੇ ਹੋਰ ਫ਼ਲ ਵੇਚ ਕੇ ਰੋਜ਼ੀ ਰੋਟੀ ਕਮਾ ਰਹੇ ਹਨ। ਇਹ ਉਹੀ ਸਕੂਲ ਹੈ ਜਿੱਥੇ ਉਹ ਵੱਖ-ਵੱਖ ਕਲਾਸਾਂ ਵਿੱਚ ਪੜ੍ਹ ਰਹੇ ਹਨ। ਸ਼ਿਵਨੰਦਨ ਦੱਸਦਾ ਹੈ ਕਿ ਉਸ ਨੂੰ ਬੀਤੇ ਸਾਲ ਦਾ ਉਹ ਦਿਨ ਯਾਦ ਹੈ ਜਦੋਂ ਉਹ ਮੱਧ ਪ੍ਰਦੇਸ਼ ਦੇ ਰੀਵਾ ਵਿੱਚ 63ਵੀਆਂ ਕੌਮੀ ਸਕੂਲ ਖੇਡਾਂ ਦੇ 40 ਕਿੱਲੋ ਭਾਰ ਵਰਗ ਵਿੱਚ ਸੋਨ ਤਮਗ਼ਾ ਜਿੱਤ ਕੇ ਪਰਤਿਆ ਸੀ। ਉਸ ਦੇ ਜਮਾਤੀਆਂ ਨੇ ਇਸੇ ਸੜਕ ਦੇ ਦੋਵੇਂ ਪਾਸੇ ਖੜ੍ਹ ਕੇ ਉਸ ਦਾ ਸਵਾਗਤ ਕੀਤਾ ਸੀ। ਉਸ ਨੇ ਕਿਹਾ ਕਿ ਗ਼ਰੀਬ ਹੋਣਾ ਕੋਈ ਜੁਰਮ ਨਹੀਂ ਪਰ ਦੁੱਖ ਉਦੋਂ ਹੁੰਦਾ ਹੈ ਜਦੋਂ ਕਿਸੇ ਦੀ ਗ਼ਰੀਬੀ ਜਨਤਕ ਰੂਪ ਵਿੱਚ ਉਜਾਗਰ ਕੀਤੀ ਜਾਵੇ।
ਉਨ੍ਹਾਂ ਦੇ ਪਿਤਾ ਰਾਜੇਸ਼ ਨੇ ਕਿਹਾ ਕਿ ਉਸ ਸਮੇਂ ਦੁੱਖ ਤਾਂ ਜ਼ਰੂਰ ਮਹਿਸੂਸ ਹੁੰਦਾ ਹੈ ਜਦੋਂ ਉਹ ਚਮਕਦੇ ਸਿਤਾਰਿਆਂ ਨੂੰ ਫ਼ਲਾਂ ਦੀ ਫੜ੍ਹੀ ਤੇ ਤਰਬੂਜ਼ ਤੋਲਦੇ ਵੇਖਦਾ ਹੈ। ਉਸ ਨੇ ਕਿਹਾ ਕਿ ਜੂਡੋ ਕੋਚ ਅਮਰਜੀਤ ਸ਼ਾਸਤਰੀ ਅਕਸਰ ਉਸ ਨੂੰ ਆਖਦੇ ਹਨ ਕਿ ਤੇਰੇ ਬੱਚੇ ਸ਼ਿਵਨੰਦਨ ਅਤੇ ਰਘੂਨੰਦਨ ਦੇਸ਼ ਦੀ ਨੁਮਾਇੰਦਗੀ ਕਰਨ ਦੀ ਸਮਰੱਥਾ ਰੱਖਦੇ ਹਨ। ਫ਼ਲ ਵੇਚਦਿਆਂ ਕਈ ਵਾਰ ਸ਼ਿਵਨੰਦਨ ਦੀ ਕੋਸ਼ਿਸ਼ ਹੁੰਦੀ ਹੈ ਕਿ ਕੋਈ ਉਸ ਨੂੰ ਪਛਾਣ ਨਾ ਲਵੇ।
ਕਰੋਨਾਵਾਇਰਸ ਫੈਲਣ ਤੋਂ ਪਹਿਲਾਂ ਇਹ ਖਿਡਾਰੀ ਭਰਾ ਇੱਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਥਿਤ ਜੂਡੋ ਸੈਂਟਰ ਵਿੱਚ ਕੋਚਿੰਗ ਹਾਸਲ ਕਰ ਰਹੇ ਸਨ, ਜਿੱਥੋਂ ਦਰਜਨ ਦੇ ਕਰੀਬ ਕੌਮਾਂਤਰੀ ਖਿਡਾਰੀ, ਇੱਕ ਓਲੰਪੀਅਨ ਅਤੇ ਸੌ ਦੇ ਕਰੀਬ ਜੂਡੋ ਖਿਡਾਰੀ ਪੈਦਾ ਹੋ ਚੁੱਕੇ ਹਨ। ਹੁਣ ਵੀ ਉਹ ਸ਼ਾਮ ਨੂੰ ਆਪਣੇ ਜੂਡੋ ਕੋਚ ਅਮਰਜੀਤ ਸ਼ਾਸਤਰੀ ਤੋਂ ਜੂਡੋ ਦੇ ਆਨ ਲਾਈਨ ਗੁਰ ਸਿੱਖ ਰਹੇ ਹਨ।
ਤਿੰਨੇ ਭਰਾਵਾਂ ’ਚ ਕਮਾਲ ਦਾ ਹੁਨਰ ਹੈ: ਕੋਚ
ਜੂਡੋ ਕੋਚ ਅਮਰਜੀਤ ਸ਼ਾਸਤਰੀ ਨੇ ਆਖਿਆ ਕਿ ਤਿੰਨੋਂ ਭਰਾ ਹੁਨਰ ਦੇ ਧਨੀ ਹਨ। ਅਭਿਨੰਦਨ ਤਾਂ ਖੇਡ ਦੌਰਾਨ ਤਕਨੀਕ, ਵੰਨਗੀ ਅਤੇ ਸਪੀਡ ਦੀ ਵਿਸ਼ੇਸ਼ ਮੁਹਾਰਤ ਰੱਖਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅਜੇ ਇਨ੍ਹਾਂ ਦਾ ਸਮਾਂ ਸਾਜ਼ਗਾਰ ਨਹੀਂ ਪਰ ਖੇਡਾਂ ਵਿੱਚ ਬੁਲੰਦੀ ਦੇ ਇਨ੍ਹਾਂ ਦੇ ਸੁਪਨੇ ਜ਼ਰੂਰ ਸਾਕਾਰ ਹੋਣਗੇ।