ਇਕਬਾਲ ਸਿੰਘ ਸ਼ਾਂਤ
ਲੰਬੀ, 29 ਅਪਰੈਲ
ਬਾਦਲ ਪਰਿਵਾਰ ਦੀ ਰਿਹਾਇਸ਼ ’ਤੇ ਬੀਤੇ ਦਿਨ ਸਟੂਡੈਂਟ ਆਰਗੇਨਾਈਜ਼ੇਸ਼ਨ ਆਫ ਇੰਡੀਆ (ਸੋਈ) ਵਰਕਰਾਂ ਦੇ ਇਕੱਠ ਦੇ ਮਾਮਲੇ ’ਚ ਦਰਜ ਧਾਰਾ 188 ਦੇ ਕੇਸ ’ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਮਲੋਟ ਦੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਅਤੇ ਸੋਈ ਦੇ ਨਵੇਂ ਸਰਪ੍ਰਸਤ ਭੀਮ ਵੜੈਚ ਦੇ ਨਾਂ ਵੀ ਸ਼ਾਮਲ ਹਨ। ਅੱਜ ਦੇਰ ਸ਼ਾਮ ਇਸ ਦੀ ਪੁਸ਼ਟੀ ਲੰਬੀ ਦੇ ਥਾਣਾ ਮੁਖੀ ਚੰਦਰ ਸ਼ੇਖਰ ਨੇ ਕੀਤੀ। ਕੇਸ ’ਚ ਨਾਮਜ਼ਦ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਅਤੇ ਰੌਬਿਨ ਬਰਾੜ ਸਮੇਤ ਛੇ ਜਣਿਆਂ ਨੇ ਅੱਜ ਥਾਣਾ ਲੰਬੀ ’ਚ ਪੇਸ਼ ਹੋ ਕੇ ਗ੍ਰਿਫ਼ਤਾਰੀ ਦਿੱਤੀ। ਪੁਲੀਸ ਤੰਤਰ ਬੀਤੇ ਦਿਨ ਤੋਂ ਹੀ ਕੇਸ ਦੀ ਜਾਣਕਾਰੀ ਮੀਡੀਆ ਨੂੰ ਦੇਣ ਤੋਂ ਟਾਲਾ ਵੱਟਦਾ ਆ ਰਿਹਾ ਸੀ ਤੇ ਦੇਰ ਰਾਤ ਵੀ ਮੀਡੀਆ ਨਾਲ ਅੱਧੀ-ਅਧੂਰੀ ਜਾਣਕਾਰੀ ਹੀ ਸਾਂਝੀ ਕੀਤੀ ਗਈ। ਮਾਮਲਾ ਵੱਡੇ ਸਿਆਸੀ ਘਰ ਨਾਲ ਜੁੜਿਆ ਹੋਣ ਕਰਕੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲੀਸ ਨੇ ਹਾਈ ਕੋਰਟ ਦੇ ਨਿਰਦੇਸ਼ਾਂ ਮੁਤਾਬਕ ਮਾਮਲੇ ਦੀ ਐੱਫ਼ਆਈਆਰ ਵੀ ਵੈੱਬਸਾਈਟ ’ਤੇ ਅਪਲੋਡ ਨਹੀਂ ਕੀਤੀ, ਨਾ ਹੀ ਜ਼ਿਲ੍ਹਾ ਪੁਲੀਸ ਨੇ ਅੱਜ ਵੈੱਬਸਾਈਟ ’ਤੇ ਕ੍ਰਾਈਮ ਰਿਪੋਰਟ ਅਪਲੋਡ ਕੀਤੀ।
ਦੱਸਣਯੋਗ ਹੈ ਕਿ ਬੀਤੇ ਦਿਨ ਰੌਬਿਨ ਬਰਾੜ ਦੀ ਤਾਜਪੋਸ਼ੀ ਦੀ ਖੁਸ਼ੀ ’ਚ ਕਰੋਨਾ ਨਿਯਮਾਂ ਦੀ ਉਲੰਘਣਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਨਾਮਜ਼ਦ ਮੁਲਜ਼ਮਾਂ ਦੀ ਕਤਾਰ ’ਚ ਖੜ੍ਹਾ ਕਰ ਦਿੱਤਾ ਜਦਕਿ ਸੁਖਬੀਰ ਸਿੰਘ ਨੇ ਖ਼ੁਦ ਇਕੱਠ ’ਤੇ ਬੁਰਾ ਮਨਾਇਆ ਸੀ। ਲੰਬੀ ਥਾਣੇ ਦੇ ਮੁਖੀ ਅਨੁਸਾਰ ਇਸ ਕੇਸ ’ਚ ਗ੍ਰਿਫ਼ਤਾਰੀ ਦੇਣ ਵਾਲਿਆਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ। ਇਸ ਮਾਮਲੇ ’ਚ ਪੱਖ ਜਾਣਨ ਲਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਸੰਪਰਕ ਨਹੀਂ ਹੋ ਸਕਿਆ।