ਸਰਬਜੀਤ ਸਿੰਘ ਭੰਗੂ
ਪਟਿਆਲਾ, 13 ਨਵੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਮੇਤ ਬਾਕੀ ਅਹੁਦੇਦਾਰਾਂ ਦੀ 29 ਨਵੰਬਰ ਨੂੰ ਹੋਣ ਵਾਲੀ ਸਾਲਾਨਾ ਚੋਣ ਲਈ ਜੋੜ-ਤੋੜ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਚੋਣ ਲਈ ਮੌਜੂਦਾ ਪ੍ਰਧਾਨ ਬੀਬੀ ਜਗੀਰ ਕੌਰ ਦੇ ਮੁੜ ਪ੍ਰ੍ਰਧਾਨ ਬਣਨ ਦੀ ਚਰਚਾ ਹੈ ਪਰ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਆਨਰੇਰੀ ਚੀਫ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਬਰਨਾਲ਼ਾ ਜ਼ਿਲ੍ਹੇ ਦੇ ਦਲਿਤ ਮੈਂਬਰ ਬਲਬੀਰ ਸਿੰਘ ਘੁੰਨਸ ਦੇ ਨਾਵਾਂ ਦੀ ਚਰਚਾ ਵੀ ਸ਼ਿਖਰਾਂ ’ਤੇ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪਿਛਲੀ ਵਾਰ ਪ੍ਰਧਾਨਗੀ ਦੇ ਮਜ਼ਬੂਤ ਦਾਅਵੇਦਾਰ ਸਨ ਪਰ ਪ੍ਰਧਾਨਗੀ ਨਾ ਮਿਲਣ ਕਰਕੇ ਹੀ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦਾ ਆਨਰੇਰੀ ਚੀਫ ਸਕੱਤਰ ਲਾਇਆ ਗਿਆ ਸੀ। ਸ੍ਰੀ ਘੁੰਨਸ ਹੁਣ ਹਲਕਾ ਮਹਿਲ ਕਲਾਂ ਦੇ ਇੰਚਾਰਜ ਹਨ, ਜੋ ਸਮਝੌਤੇ ਤਹਿਤ ਬਸਪਾ ਦੇ ਹਿੱਸੇ ਆ ਗਿਆ। ਉਨ੍ਹਾਂ ਨੂੰ ਟਿਕਟ ਤੋਂ ਵਾਂਝਾ ਰੱਖੇ ਜਾਣ ਦੀ ਕਾਰਵਾਈ ਨੂੰ ਵੀ ਪ੍ਰਧਾਨਗੀ ਅਹੁਦੇ ਨਾਲ਼ ਜੋੜ ਕੇ ਵੇਖਿਆ ਜਾ ਰਿਹਾ ਹੈ। ਢੀਡਸਿਆਂ ਦੇ ਆਧਾਰ ਵਾਲ਼ੇ ਖੇਤਰ ਸੰਗਰੂਰ-ਬਰਨਾਲ਼ਾ ਨਾਲ਼ ਸਬੰਧਤ ਹੋਣ ਕਰਕੇ ਵੀ ਉਨ੍ਹਾਂ ਦਾ ਨਾਮ ਵਿਚਾਰੇ ਜਾਣ ਦੀਆਂ ਕਿਆਸ ਅਰਾਈਆਂ ਹਨ।