ਸਰਬਜੀਤ ਸਿੰਘ ਭੰਗੂ
ਪਟਿਆਲਾ, 22 ਅਕਤੂਬਰ
ਯੂ.ਪੀ. ਤੇ ਬਿਹਾਰ ਤੋਂ ਸਸਤਾ ਝੋਨਾ ਖਰੀਦ ਕੇ ਪੰਜਾਬ ਵਿੱਚ ਐੱਮਐੱਸਪੀ ’ਤੇ ਵੇਚਣ ਦੇ ਮਾਮਲੇ ਨੇ ਪੰਜਾਬ ਸਰਕਾਰ ‘ਕਸੂਤੀ’ ਫਸਾ ਦਿੱਤੀ ਹੈ। ਇਸ ਸਬੰਧੀ ਪੰਜਾਬ ਸਰਕਾਰ ਦੀ ਖਰੀਦ ਏਜੰਸੀ ਪਨਸਪ ਦੇ ਜ਼ਿਲ੍ਹਾ ਮੈਨੇਜਰ ਪ੍ਰਵੀਨ ਜੈਨ ਦੀ ਬਾਹਰੋਂ ਝੋਨਾ ਲਿਆਉਣ ਵਾਲੇ ਇਕ ਵਪਾਰੀ ਦੀ ਸੋਸ਼ਲ ਮੀਡੀਆ ’ਤੇ ਐੱਸਐੱਮਐੱਸ ਚੈਟ ਵਾਇਰਲ ਹੋਈ ਹੈ। ਇਸ ਦੌਰਾਨ ਜਿੱਥੇ ਇੱਕ ਮੰਤਰੀ ਦਾ ਨਾਮ ਬੋਲ ਰਿਹਾ ਹੈ, ਉਥੇ ਹੀ ਕਾਂਗਰਸ ਦੇ ਕੁਝ ਵਿਧਾਇਕਾਂ, ਆਗੂਆਂ ਅਤੇ ਸੱਤਾਧਾਰੀ ਪੱਖੀ ਆੜ੍ਹਤੀਆਂ ਅਤੇ ਸ਼ੈੱਲਰ ਮਾਲਕਾਂ ਦੇ ਨਾਵਾਂ ਦੀ ਵੀ ਚਰਚਾ ਹੋਈ ਹੈ।
ਉਧਰ ਪੰਜਾਬ ਸਰਕਾਰ ਨੇ ਕੇਂਦਰੀ ਖੇਤੀ ਕਾਨੂੰਨਾਂ ਨੂੰ ਬਾਈਪਾਸ ਕਰਦਿਆਂ ਤਿੰਨ ਸੋਧ ਬਿੱਲ ਪਾਸ ਕੀਤੇ ਹਨ ਪਰ ਬਾਹਰਲੇ ਰਾਜਾਂ ਤੋਂ ਪੰਜਾਬ ਵਿੱਚ ਭਾਰੀ ਮਾਤਰਾ ’ਚ ਝੋਨੇ ਦੇ ਟਰੱਕਾਂ ਦੀ ਆਮਦ ਨੇ ਸੱਤਾਧਾਰੀ ਧਿਰ ਦੇ ਵਿਅਕਤੀਆਂ ਦੇ ਨਾਮ ਬੋਲਣ ਨਾਲ ਸਰਕਾਰ ’ਤੇ ਸਵਾਲ ਜ਼ਰੂਰ ਖੜ੍ਹੇ ਕਰ ਦਿੱਤੇ ਹਨ। ਜਿਹੜੇ ਖਰੀਦ ਅਧਿਕਾਰੀ ਨਾਲ਼ ਇਹ ਐੱਸਐੱਮਐੱਸ ਚੈਟ ਹੋ ਰਹੀ ਹੈ, ਉਸ ਵੱਲੋਂ ਯੂਪੀ ਅਤੇ ਬਿਹਾਰ ਤੋਂ ਝੋਨਾ ਲਿਆ ਕੇ ਪੰਜਾਬ ’ਚ ਵੇਚਣ ਦੀ ਗੱਲ ਆਖੀ ਜਾ ਰਹੀ ਹੈ। ਗੱਲ ਕਰਨ ਵਾਲਾ ਇੱਕ ਵਿਅਕਤੀ ਮੰਡੀਆਂ ਵਿੱਚ ਕੁਝ ਵਿਸ਼ੇਸ਼ ਅਧਿਕਾਰੀਆਂ ਦੀ ਡਿਊਟੀ ਲਾਉਣ ’ਤੇ ਵੀ ਜ਼ੋਰ ਦੇ ਰਿਹਾ ਹੈ। ਇਹ ਮੈਸੇਜ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਦੇ ਸਮਝੇ ਜਾ ਰਹੇ ਹਨ। ਇਸ ਦੌਰਾਨ ਰਾਹੁਲ ਦੀ ਫੇਰੀ ਲਈ ਲੋੜੀਂਦੇ ਫੰਡਾਂ ਬਾਰੇ ਵੀ ਚਰਚਾ ਹੋਈ ਹੈ। ਇਸ ਸਬੰਧੀ ਰੇਟ, ਸੌਦੇਬਾਜ਼ੀ ਸਮੇਤ ਕਾਂਗਰਸੀ ਆਗੂਆਂ ਦੇ ਸ਼ੈੱਲਰ ’ਚ ਮਾਲ ਲਾਉਣ ਸਮੇਤ ਇੱਕ ਆੜ੍ਹਤੀ ਦਾ ਨਾਮ ਵੀ ਚਰਚਾ ’ਚ ਹੈ। ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇੱਕ ਖਰੀਦ ਅਧਿਕਾਰੀ ਨਾਲ਼ ਵਾਇਰਲ ਐੱਸਐੱਮਐੱਸ ਚੈਟ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਗੋਰਖਧੰਦਾ ਸਰਕਾਰ ਦੇ ਇਸ਼ਾਰੇ ’ਤੇ ਹੀ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਮੁੱਖ ਮੰਤਰੀ ਸੱਚਮੁੱਚ ਹੀ ਕਿਸਾਨ ਹਿਤੈਸ਼ੀ ਹਨ, ਤਾਂ ਉਹ ਅਗਲੇ 24 ਘੰਟਿਆਂ ਵਿਚ ਇਸ ਮਾਮਲੇ ਦਾ ਪੁਲੀਸ ਨੂੰ ਨਿਤਾਰਾ ਕਰਨ ਦੀ ਤਾਕੀਦ ਕਰਨ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੇ ਪੰਜਾਬ ਸਰਕਾਰ ਤੋਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਅਸਲੀਅਤ ਸਾਹਮਣੇ ਲਿਆਉਣ ਦੀ ਮੰਗ ਕੀਤੀ ਹੈ।
ਅੰਮ੍ਰਿਤਸਰ ’ਚ ਉੱਤਰ ਪ੍ਰਦੇਸ਼ ਤੋਂ ਲਿਆਂਦੇ ਝੋਨੇ ਦੇ ਟਰੱਕ ਫੜੇ
ਅੰਮ੍ਰਿਤਸਰ, (ਜਗਤਾਰ ਸਿੰਘ ਲਾਂਬਾ): ਧਰਨਾ ਦੇ ਰਹੇ ਕਿਸਾਨਾਂ ਨੇ ਉੱਤਰ ਪ੍ਰਦੇਸ਼ ਤੋਂ ਝੋਨਾ ਲੈ ਕੇ ਆਏ ਲਗਪਗ 26 ਟਰੱਕ ਕਾਬੂ ਕਰ ਕਰ ਕੇ ਇਸ ਸਬੰਧੀ ਪੁਲੀਸ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਇਹ ਟਰੱਕ ਅੰਮ੍ਰਿਤਸਰ ਜੀਟੀ ਰੋਡ ’ਤੇ ਮਾਨਾਵਾਲਾ ਨੇੜੇ ਟੌਲ ਪਲਾਜ਼ਾ ’ਤੇ ਰੋਕੇ ਗਏ ਹਨ, ਜਿੱਥੇ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨਾ ਦਿੱਤਾ ਜਾ ਰਿਹਾ ਹੈ। ਇਨ੍ਹਾਂ ਟਰੱਕਾਂ ਵਿਚ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਅਤੇ ਸਿਤਾਰਗੰਜ ਇਲਾਕੇ ਦੀਆਂ ਮੰਡੀਆਂ ਵਿਚੋਂ ਝੋਨਾ ਲੱਦ ਕੇ ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਸ਼ੈਲਰਾਂ ਵਾਸਤੇ ਲਿਆਂਦਾ ਗਿਆ ਹੈ। ਇਨ੍ਹਾਂ ਵਿਚੋਂ ਕੁਝ ਝੋਨਾ ਇਕ ਕੈਬਨਿਟ ਮੰਤਰੀ ਦੇ ਸ਼ੈਲਰ ਨਾਲ ਸਬੰਧਤ ਹੈ। ਪਿੰਡ ਰਾਜੇਵਾਲ ਦੇ ਸਰਪੰਚ ਦਿਲਬਾਗ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੇ ਮਾਲ ਨਾਲ ਸਬੰਧਤ ਦਸਤਾਵੇਜ਼ ਟਰੱਕ ਚਾਲਕਾਂ ਕੋਲੋਂ ਆਪਣੇ ਕਬਜ਼ੇ ਵਿਚ ਲੈ ਲਏ ਹਨ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਜਤਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਇਸ ਸਬੰਧੀ ਖੁਰਾਕ ਅਤੇ ਸਪਲਾਈ ਵਿਭਾਗ ਮੰਤਰੀ, ਡਾਇਰੈਕਟਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਹੈ। ਜ਼ਿਲ੍ਹਾ ਖੁਰਾਕ ਅਤੇ ਸਪਲਾਈ ਅਧਿਕਾਰੀ ਨੂੰ ਸਾਰੇ ਦਸਤਾਵੇਜ਼ ਸੌਂਪੇ ਗਏ ਹਨ ਪਰ ਹੁਣ ਤਕ ਕੋਈ ਕਾਰਵਾਈ ਨਹੀਂ ਹੋਈ।
ਚੈਟ ਸਾਜ਼ਿਸ਼ ਤਹਿਤ ਤਿਆਰ ਕੀਤੀ ਗਈ ਹੈ: ਜੈਨ
ਪਨਸਪ ਦੇ ਜ਼ਿਲ੍ਹਾ ਮੈਨੇਜਰ ਪਰਵੀਨ ਜੈਨ ਨੇ ਕਿਹਾ ਕਿ ਉਸ ਦੀ ਕਿਸੇ ਵੀ ਵਿਅਕਤੀ ਨਾਲ ਕਦੇ ਅਜਿਹੀ ਕੋਈ ਗੱਲਬਾਤ ਜਾਂ ਐੱਸਐੱਮਐੱਸ ਚੈਟ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਹ ਸਾਜ਼ਿਸ਼ ਤਹਿਤ ਕਿਸੇ ਸਾਫਟਵੇਅਰ ਦੀ ਵਰਤੋਂ ਕਰ ਕੇ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪਟਿਆਲਾ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।