ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 31 ਅਗਸਤ
ਇੱਥੇ ਧਰਨੇ ’ਚ ਕਿਸਾਨ ਆਗੂਆਂ ਵੱਲੋਂ ਆਵਾਜਾਈ ਰੋਕਣ ਦੀ ਚਿਤਾਵਨੀ ਦੇਣ ਮਗਰੋਂ ਛੇ ਮਹੀਨੇ ਤੋਂ ਰੁਕਿਆ ਮੁਆਵਜ਼ੇ ਦਾ ਚੈੱਕ ਮਿੰਟਾਂ ’ਚ ਲੋੜਵੰਦਾਂ ਤੱਕ ਪਹੁੰਚ ਗਿਆ। ਜਾਣਕਾਰੀ ਅਨੁਸਾਰ ਸ਼ਹੀਦ ਕਿਸਾਨ ਬਲਕਰਨ ਸਿੰਘ ਲੋਧੀਵਾਲ ਦੇ ਪਰਿਵਾਰ ਨੂੰ ਐਲਾਨ ਦੇ ਛੇ ਮਹੀਨਿਆਂ ਮਗਰੋਂ ਵੀ ਜਦੋਂ ਮੁਆਵਜ਼ਾ ਰਾਸ਼ੀ ਨਾ ਦਿੱਤੀ ਗਈ ਤਾਂ ਜਗਰਾਉਂ ਅਤੇ ਸਿੱਧਵਾਂ ਬੇਟ ਇਲਾਕੇ ਦੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਹੇਠ ਇੱਥੇ ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ’ਤੇ ਧਰਨਾ ਲਾ ਦਿੱਤਾ। ਧਰਨਾਕਾਰੀਆਂ ਨੇ ਪਹਿਲਾਂ ਹਰਿਆਣਾ ਪੁਲੀਸ ਦੇ ਜਬਰ ਦਾ ਸ਼ਿਕਾਰ ਹੋ ਕੇ ਸ਼ਹੀਦ ਹੋਏ ਕਿਸਾਨ ਸੁਸ਼ੀਲ ਕਾਜਲ ਸਮੇਤ ਹੁਣ ਤੱਕ ਦੇ ਸਾਰੇ ਕਿਸਾਨ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮਗਰੋਂ ਮਹਿੰਦਰ ਸਿੰਘ ਕਮਾਲਪੁਰਾ, ਕੰਵਲਜੀਤ ਖੰਨਾ, ਇੰਦਰਜੀਤ ਸਿੰਘ, ਜਗਤਾਰ ਸਿੰਘ, ਤਰਸੇਮ ਸਿੰਘ ਬੱਸੂਵਾਲ, ਗੁਰਮੇਲ ਸਿੰਘ ਭਰੋਵਾਲ ਤੇ ਹੋਰਾਂ ਨੇ ਚਿਤਾਵਨੀ ਦਿੱਤੀ ਕਿ ਜੇ ਦੋ ਵਜੇ ਤੱਕ ਪੀੜਤ ਪਰਿਵਾਰ ਨੂੰ ਚੈੱਕ ਨਾ ਮਿਲਿਆ ਤਾਂ ਆਵਾਜਾਈ ਰੋਕੀ ਜਾਵੇਗੀ। ਚਿਤਾਵਨੀ ਦੇ ਕੁਝ ਸਮੇਂ ਮਗਰੋਂ ਹੀ ਨਾਇਬ ਤਹਿਸੀਲਦਾਰ ਵਾਹਿਗੁਰੂ ਸਿੰਘ ਚੈੱਕ ਲੈ ਕੇ ਧਰਨੇ ’ਚ ਪੰਹੁਚ ਗਏ। ਚੈੱਕ ਦੇਣ ਮਗਰੋਂ ਨਾਇਬ ਤਹਿਸੀਲਦਾਰ ਜਦੋਂ ਕਾਂਗਰਸੀ ਲੀਡਰਾਂ ਦੇ ਗੁਣਗਾਣ ਕਰਨ ਲੱਗੇ ਤਾਂ ਸਟੇਜ ਸਕੱਤਰ ਨੇ ਮਾਈਕ ਪਰ੍ਹੇ ਕਰ ਲਿਆ ਅਤੇ ਧਰਨਾਕਾਰੀਆਂ ਨੇ ਨਾਅਰੇਬਾਜ਼ੀ ਕਰ ਕੇ ਅਧਿਕਾਰੀ ਨੂੰ ਉੱਥੋਂ ਜਾਣ ਲਈ ਮਜਬੂਰ ਕਰ ਦਿੱਤਾ। ਧਰਨੇ ’ਚ ਬੁਲਾਰਿਆਂ ਨੇ ਸਿਆਸੀ ਆਗੂਆਂ ਨੂੰ ਪਿੰਡਾਂ ਵਿੱਚ ਨਾ ਵੜਨ ਦੇਣ ਦੀ ਅਪੀਲ ਕੀਤੀ।