ਗੁਰਿੰਦਰ ਸਿੰਘ
ਲੁਧਿਆਣਾ, 2 ਸਤੰਬਰ
ਆਪਣੇ ਇੱਕ ਗੀਤ ਵਿੱਚ ‘ਰਸੂਲ’ ਸ਼ਬਦ ਦੀ ਕਥਿਤ ਬੇਅਦਬੀ ਕਰਨ ਦੀ ਨਿਖੇਧੀ ਕਰਦਿਆਂ ਮੁਸਲਿਮ ਭਾਈਚਾਰੇ ਨੇ ਗਾਇਕ ਅਤੇ ਫ਼ਿਲਮ ਅਦਾਕਾਰ ਐਮੀ ਵਿਰਕ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਅੱਜ ਇੱਥੇ ਇਤਿਹਾਸਕ ਜਾਮਾ ਮਸਜਿਦ ਤੋਂ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਇਸਲਾਮ ਧਰਮ ’ਚ ਅੱਲ੍ਹਾ ਦੇ ਆਖਰੀ ਰਸੂਲ ਹਜ਼ਰਤ ਮੁਹੰਮਦ ਸਲਲਲਾਹੂ ਅਲੈਹੀ ਵਸਲਮ ਨੂੰ ਸੱਭ ਤੋਂ ਵੱਡਾ ਦਰਜਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੁਨੀਆ ਵਿੱਚ ਜਦੋਂ ਕਿਤੇ ਵੀ ਰਸੂਲ ਸ਼ਬਦ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਉਸ ਦਾ ਮਤਲਬ ਹੁੰਦਾ ਹੈ ਕਿ ਹਜ਼ਰਤ ਮੁਹੰਮਦ ਰਸੂਲੱਲਾਹ ਦਾ ਫ਼ੁਰਮਾਨ ਹੈ।
ਨਾਇਬ ਸ਼ਾਹੀ ਇਮਾਮ ਨੇ ਕਿਹਾ ਕਿ ਮਾਲੇਰਕੋਟਲਾ ਦੀ ਇਕ ਮੁਸਲਮਾਨ ਭੈਣ ਵੱਲੋਂ ਇਸ ਪਾਸੇ ਧਿਆਨ ਦਿਵਾਉਣ ’ਤੇ ਪਤਾ ਲੱਗਿਆ ਹੈ ਕਿ ਐਮੀ ਵਿਰਕ ਦੀ ਫ਼ਿਲਮ ਸੁਫ਼ਨਾ ’ਚ ਗਾਏ ਗੀਤ ‘ਕਬੂਲ ਹੈ’ ਦੇ ਸ਼ਬਦ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਠੇਸ ਪਹੁੰਚਾਉਣ ਵਾਲੇ ਹਨ। ਨਾਇਬ ਸ਼ਾਹੀ ਇਮਾਮ ਨੇ ਦੱਸਿਆ ਕਿ ਇਸ ਬਾਰੇ ਪੁਲੀਸ ਕਮਿਸ਼ਨਰ ਨੂੰ ਸ਼ਿਕਾਇਤ ਈ-ਮੇਲ ਰਾਹੀਂ ਭੇਜ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕਾਰਵਾਈ ਨਾ ਹੋਈ ਤਾਂ ਪੰਜਾਬ ਭਰ ਦੇ ਮੁਸਲਮਾਨਾਂ ਦੀ ਲੁਧਿਆਣਾ ’ਚ ਮੀਟਿੰਗ ਸੱਦ ਕੇ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ।