ਨਿੱਜੀ ਪੱਤਰ ਪ੍ਰੇਰਕ
ਸਮਾਣਾ, 20 ਜੁਲਾਈ
ਪਿੰਡ ਚੌਂਹਠ ਵਿੱਚ ਇਕ ਨੌਜਵਾਨ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਛੋਟੇ ਭਰਾ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਗੁਰਲਾਲ ਸਿੰਘ ਉਰਫ਼ ਲਾਲ ਵਜੋਂ ਹੋਈ ਹੈ।
ਸਦਰ ਥਾਣਾ ਮੁਖੀ ਇੰਸਪੈਕਟਰ ਮਹਿਮਾ ਸਿੰਘ ਨੇ ਦੱਸਿਆ ਕਿ ਗੁਰਲਾਲ ਸਿੰਘ ਦੀ ਮਾਂ ਸੁਰਜੀਤ ਕੌਰ ਪਤਨੀ ਜਸਵੰਤ ਸਿੰਘ ਵੱਲੋਂ ਦਰਜ ਕਰਵਾਏ ਗਏ ਬਿਆਨ ਅਨੁਸਾਰ 18 ਜੁਲਾਈ ਨੂੰ ਉਸ ਦਾ ਵੱਡਾ ਪੁੱਤਰ ਪਰਮਜੀਤ ਸਿੰਘ ਉਰਫ਼ ਗੋਪਾ ਆਪਣੇ ਦੋ ਸਾਥੀਆਂ ਹਰਵਿੰਦਰ ਸਿੰਘ ਉਰਫ਼ ਹੈਪੀ ਅਤੇ ਹਰਜੀਤ ਸਿੰਘ ਵਾਸੀ ਚੁਪਕੀ ਨਾਲ ਕਾਰ ’ਤੇ ਘਰੋਂ ਗਏ ਸਨ ਅਤੇ ਉਨ੍ਹਾਂ ਗੁਰਲਾਲ ਨੂੰ ਵੀ ਨਹਿਰ ਵਿੱਚ ਨਹਾਉਣ ਦਾ ਕਹਿ ਕੇ ਨਾਲ ਬਿਠਾ ਲਿਆ ਪਰ ਦੇਰ ਰਾਤ ਤੱਕ ਵਾਪਸ ਨਹੀਂ ਮੁੜੇ। ਸੁਰਜੀਤ ਕੌਰ ਨੇ ਦੱਸਿਆ ਕਿ ਅਗਲੀ ਸਵੇਰ ਉਸ ਦਾ ਵੱਡਾ ਲੜਕਾ ਪਰਮਜੀਤ ਸਿੰਘ ਇੱਕਲਾ ਹੀ ਘਰ ਵਾਪਸ ਆ ਗਿਆ ਤੇ ਗੁਰਲਾਲ ਬਾਰੇ ਪੁੱਛਣ ’ਤੇ ਉਹ ਟਾਲ-ਮਟੋਲ ਕਰਦਾ ਰਿਹਾ। ਫਿਰ ਉਨ੍ਹਾਂ ਨੂੰ ਪਤਾ ਲੱਗਿਆ ਕਿ ਸਮਾਣਾ-ਪਟਿਆਲਾ ਮਾਰਗ ’ਤੇ ਸਕੂਲ ਨੇੜਿਓਂ ਇੱਕ ਲਾਸ਼ ਮਿਲੀ ਹੈ। ਹਸਪਤਾਲ ਵਿੱਚ ਸ਼ਨਾਖ਼ਤ ਕਰਨ ’ਤੇ ਪਤਾ ਲੱਗਿਆ ਕਿ ਇਹ ਗੁਰਲਾਲ ਸਿੰਘ ਦੀ ਲਾਸ਼ ਹੈ ਅਤੇ ਉਸ ਦੇ ਸਰੀਰ ’ਤੇ ਸੱਟਾਂ ਦੇ ਕਾਫ਼ੀ ਨਿਸ਼ਾਨ ਸਨ। ਸੁਰਜੀਤ ਕੌਰ ਨੇ ਕਿਹਾ ਕਿ ਗੁਰਲਾਲ ਸਿੰਘ ਨੂੰ ਉਸ ਦੇ ਵੱਡੇ ਪੁੱਤਰ ਪਰਮਜੀਤ ਸਿੰਘ ਨੇ ਆਪਣੇ ਦੋਵੇਂ ਸਾਥੀਆਂ ਨਾਲ ਮਿਲ ਕੇ ਮਾਰਿਆ ਹੈ ਤੇ ਉਸ ਦੇ ਉਪਰੋਂ ਕੋਈ ਵਾਹਨ ਲੰਘਾ ਕੇ ਐਕਸੀਡੈਂਟ ਕੇਸ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਸਦਰ ਪੁਲੀਸ ਨੇ ਮਾਂ ਦੇ ਬਿਆਨ ਦੇ ਆਧਾਰ ’ਤੇ ਵੱਡੇ ਪੁੱਤ ਸਣੇ ਉਸ ਦੇ 2 ਸਾਥੀਆਂ ਖ਼ਿਲਾਫ਼ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।