ਗੁਰਬਖਸ਼ਪੁਰੀ
ਤਰਨ ਤਾਰਨ, 14 ਜਨਵਰੀ
ਸ਼ੌਰਿਆ ਚੱਕਰ ਪ੍ਰਾਪਤ ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ਦੇ ਕਤਲ ਦੀ ਦਾ ਮਾਮਲਾ ਗੁੰਝਲਦਾਰ ਬਣਦਾ ਜਾ ਰਿਹਾ ਹੈ| ਬਲਵਿੰਦਰ ਸਿੰਘ ਦੀ ਹੱਤਿਆ ਸਬੰਧੀ ਦਿੱਲੀ ਪੁਲੀਸ ਕੋਲੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਸੁਖਦੀਪ ਸਿੰਘ ਤੇ ਗੁਰਜੀਤ ਸਿੰਘ ਭਾਅ ਦੀ ਇਥੋਂ ਦੀ ਪੁਲੀਸ ਵਲੋਂ ਕੀਤੀ ਪੁੱਛਗਿੱਛ ਦੌਰਾਨ ਨੇ ਕਤਲ ਦਾ ਕਾਰਨ ‘ਜਾਤੀ ਦੁਸ਼ਮਣੀ’ ਹੀ ਦੱਸਿਆ ਹੈ। ਜ਼ਿਲ੍ਹਾ ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੁਖਦੀਪ ਤੇ ਗੁਰਜੀਤ ਨੂੰ ਕਤਲ ਦੇ ਮੁੱਖ ਸਾਜਿਸ਼ਘਾੜੇ ਸੁਖਮੀਤ ਪਾਲ ਸਿੰਘ ਉਰਫ ਸੁੱਖ ਭਿਖਾਰੀਵਾਲ ਨੇ ਕਤਲ ਕਰਨ ਲਈ ਕਿਹਾ ਸੀ। ਇਸ ਲਈ ਪੈਸਿਆਂ ਦਾ ਲੈਣ ਦੇਣ ਕਤਲ ਕਰਨ ਤੋਂ ਬਾਅਦ ਲੁਧਿਆਣਾ ਵਿੱਚ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲੀਸ ਵਲੋਂ ਸੁਖਦੀਪ ਅਤੇ ਗੁਰਜੀਤ ਕੋਲੋਂ ਹੋਰ ਪੁੱਛਗਿੱਛ ਸੁੱਖ ਭਿਖਾਰੀਵਾਲ ਸਾਹਮਣੇ ਵੀ ਕੀਤੀ ਜਾਵੇਗੀ। ਤਰਨ ਤਾਰਨ ਜ਼ਿਲ੍ਹਾ ਪੁਲੀਸ ਦਿੱਲੀ ਪੁਲੀਸ ਕੋਲੋਂ ਦੋਵਾਂ ਮੁਲਜ਼ਮਾਂ ਦੇ ਨਾਲ ਉਨ੍ਹਾਂ ਤਿੰਨ ਕਸ਼ਮੀਰੀ ਗੈਂਗਸਟਰਾਂ ਨੂੰ ਵੀ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਈ ਹੈ ਜਿਨ੍ਹਾਂ ਨੂੰ ਦਿੱਲੀ ਦੀ ਸਪੈਸ਼ਲ ਫੋਰਸ ਨੇ 7 ਦਸੰਬਰ ਨੂੰ ਇਕ ਮੁਕਾਬਲੇ ਉਪਰੰਤ ਕਾਬੂ ਕੀਤਾ ਸੀ| ਇਥੇ ਦੱਸਣਾ ਬਣਦਾ ਹੈ ਕਿ ਬਲਵਿੰਦਰ ਸਿੰਘ ਦੀ ਹੱਤਿਆ ਲਈ ਪਰਿਵਾਰ ਖਾਲਿਸਤਾਨੀ ਦਹਿਸ਼ਤਗਰਦਾਂ ਨੂੰ ਜ਼ਿੰਮੇਵਾਰ ਆਖਦਾ ਆ ਰਿਹਾ ਹੈ ਪਰ ਪੁਲੀਸ ਇਸ ਪਿੱਛੇ ਪਰਿਵਾਰ ਦੀ ਜਾਤੀ ਖਹਬਿਾਜ਼ੀ ਨੂੰ ਕਾਰਨ ਦੱਸ ਰਹੀ ਹੈ| ਇਸ ਕਤਲ ਸਬੰਧੀ ਜ਼ਿਲ੍ਹਾ ਪੁਲੀਸ ਵਲੋਂ ਪਹਿਲਾਂ ਦਰਜ ਕੇਸ ਦੇ ਨਾਲ ਯੂਏਪੀਏ ਧਾਰਾ ਜੋੜਨ ਦੀ ਵੀ ਸੰਭਾਵਨਾ ਦੱਸੀ ਜਾ ਰਹੀ ਹੈ| ਇਸ ਸਬੰਧੀ ਐਸਐਸਪੀ ਧਰੁਮਨ ਐਚ ਨਿੰਬਾਲੇ ਨਾਲ ਸੰਪਰਕ ਨਹੀਂ ਹੋ ਸਕਿਆ।