ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 8 ਸਤੰਬਰ
ਮੇਅਰ ਕਰਮਜੀਤ ਸਿੰਘ ਅਤੇ ਕਮਿਸ਼ਨਰ ਮਲਵਿੰਦਰ ਸਿੰਘ ਜੱਗੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅਸਟੇਟ ਅਫਸਰ ਧਰਮਿੰਦਰਜੀਤ ਸਿੰਘ ਦੀ ਅਗਵਾਈ ਹੇਠ ਭੂਮੀ ਵਿਭਾਗ ਦੀ ਟੀਮ ਵੱਲੋਂ ਕਸਟਮ ਚੌਕ ਤੋਂ ਰਿਆਲਟ ਚੌਕ ਵਾਲੀ ਸੜਕ ’ਤੇ ਇਕ ਪ੍ਰਾਈਵੇਟ ਇੰਸਟੀਚਿਊਟ ਵੱਲੋਂ ਸੜਕ ’ਤੇ ਤੰਬੂ-ਕਨਾਤਾ ਲਗਾ ਕੇ ਕੀਤੇ ਗਏ ਨਾਜਾਇਜ਼ ਕਬਜ਼ੇ ਨੂੰ ਹਟਾਇਆ ਗਿਆ। ਇਸ ਤੋਂ ਇਲਾਵਾ ਮਜੀਠਾ ਰੋਡ, ਸ਼ਹਿਰ ਦੀ ਚਾਰਦੀਵਾਰੀ ਦੇ ਨਾਲ ਆਉਟਰ ਸਰਕੂਲਰ ਰੋਡ ਅਤੇ ਲਾਹੌਰੀ ਗੇਟ ਦੇ ਅੰਦਰੂਨ ਇਕ ਹਸਪਤਾਲ ਵਲੋਂ ਰੋਡ ’ਤੇ ਦੋ ਨਾਜਾਇਜ਼ ਬੂਥ ਲਗਾ ਕੇ ਜੋ ਕਬਜ਼ਾ ਕੀਤਾ ਹੋਇਆ ਸੀ, ਉਸ ਨੂੰ ਵੀ ਹਟਾ ਕੇ ਸਾਰਾ ਸਾਮਾਨ ਨਗਰ ਨਿਗਮ ਦੇ ਜ਼ੋਨ ਨੰ. 3 ਦੇ ਨਾਲ ਲੱਗਦੇ ਸਟੋਰ ਵਿੱਚ ਜਮ੍ਹਾਂ ਕਰਵਾ ਦਿੱਤਾ ਗਿਆ। ਅਸਟੇਟ ਅਫ਼ਸਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਸਰਕਾਰੀ ਜ਼ਮੀਨਾਂ/ਫੁੱਟਪਾਥਾਂ/ਦੁਕਾਨਾਂ ਦੇ ਬਾਹਰ/ਬਰਾਂਡਿਆਂ ਵਿੱਚ ਕੋਈ ਵੀ ਵਿਅਕਤੀ ਸਾਮਾਨ ਆਦਿ ਰੱਖ ਕੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਨਾ ਕਰੇ। ਜੇ ਕੋਈ ਵਿਅਕਤੀ ਸ਼ਹਿਰ ਵਿੱਚ ਸਰਕਾਰੀ ਜਾਇਦਾਦ ’ਤੇ ਕਬਜ਼ਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਤੁਰੰਤ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਅੱਜ ਦੀ ਇਸ ਕਾਰਵਾਈ ਵਿੱਚ ਇੰਸਪੈਕਟਰ ਰਾਜ ਕੁਮਾਰ, ਅਰੁਣ ਸਹਿਜਪਾਲ ਕਲੱਰਕ, ਦਵਿੰਦਰ ਭੱਟੀ, ਵਿਭਾਗੀ ਅਮਲਾ ਤੇ ਪੁਲੀਸ ਫੋਰਸ ਸ਼ਾਮਲ ਸੀ।