ਐਨਪੀ ਧਵਨ
ਪਠਾਨਕੋਟ, 12 ਫਰਵਰੀ
ਅਰੁਣਾਚਲ ਪ੍ਰਦੇਸ਼ ਦੇ ਤਮਾਂਗ ਵਿੱਚ ਸ਼ਹੀਦ ਹੋਏ ਪਿੰਡ ਚੱਕੜ ਦੇ ਰਾਈਫਲਮੈਨ ਅਕਸ਼ੈ ਪਠਾਨੀਆ ਨੂੰ ਉਸ ਦੀ ਮਾਂ ਨੇ ਮੋਢਾ ਦੇ ਕੇ ਘਰ ਤੋਂ ਅੰਤਿਮ ਵਿਦਾਈ ਦਿੱਤੀ। ਪ੍ਰਾਪਤ ਜਾਣਕਾਰੀ ਮੁਤਾਬਕ 6 ਫਰਵਰੀ ਨੂੰ ਚੀਨ ਨਾਲ ਲੱਗਦੀ ਸਰਹੱਦ ’ਤੇ ਗਸ਼ਤ ਦੌਰਾਨ ਬਰਫੀਲੇ ਤੂਫਾਨ ਦੀ ਲਪੇਟ ਵਿੱਚ ਆਉਣ ਕਾਰਨ ਅਕਸ਼ੈ ਪਠਾਨੀਆ ਸ਼ਹੀਦ ਹੋ ਗਿਆ। ਸ਼ਹੀਦ ਦੀ ਤਿਰੰਗੇ ਝੰਡੇ ਵਿੱਚ ਲਿਪਟੀ ਦੇਹ ਅੱਜ ਘਰ ਪੁੱਜਣ ’ਤੇ ਮਾਤਾ-ਪਿਤਾ, ਭੈਣ-ਭਰਾ ਦਾ ਰੋ-ਰੋ ਕੇ ਬੁਰਾ ਹਾਲ ਸੀ। ਸ਼ਹੀਦ ਦੇ ਅੰਤਿਮ ਦਰਸ਼ਨਾਂ ਲਈ ਵੱਡੀ ਗਿਣਤੀ ’ਚ ਲੋਕ ਪੁੱਜੇ ਹੋਏ ਸਨ। ਆਰਮੀ ਬੈਂਡ ਨਾਲ ਘਰ ਪੁੱਜੇ ਸ਼ਹੀਦ ਅਕਸ਼ੈ ਪਠਾਨੀਆ ਨੂੰ ਪਿੰਡ ਦੇ ਲੋਕਾਂ ਨੇ ਫੁੱਲਾਂ ਦੀ ਵਰਖਾ ਕਰ ਕੇ ਸ਼ਰਧਾਂਜਲੀ ਭੇਟ ਕੀਤੀ। ਸ਼ਹੀਦ ਅਕਸ਼ੈ ਪਠਾਨੀਆ ਦਾ ਪੂਰੇ ਸੈਨਿਕ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਫੌਜੀ ਟੁਕੜੀ ਨੇ ਅਕਸ਼ੈ ਨੂੰ ਸਲਾਮੀ ਦਿੱਤੀ। ਇਸ ਤੋਂ ਬਾਅਦ ਸ਼ਹੀਦ ਦੇ ਵੱਡੇ ਭਰਾ ਅਮਿਤ ਪਠਾਨੀਆ ਨੇ ਚਿਤਾ ਨੂੰ ਅਗਨੀ ਦਿੱਤੀ। ਸ਼ਹੀਦ ਦੇ ਪਿਤਾ ਸਾਗਰ ਸਿੰਘ ਪਠਾਨੀਆ ਦਾ ਕਹਿਣਾ ਸੀ ਕਿ ਉਸ ਨੂੰ ਸ਼ਹਾਦਤ ਦਾ ਦੁੱਖ ਹੈ ਪਰ ਉਸ ਨੂੰ ਆਪਣੇ ਪੁੱਤ ਉਪਰ ਮਾਣ ਵੀ ਹੈ।
ਸ਼ਹੀਦ ਨੂੰ ਐੱਸਡੀਐੱਮ ਧਾਰ ਗੁਰਨੂਰ ਸਿੰਘ, ਸਾਬਕਾ ਕੈਬਨਿਟ ਮੰਤਰੀ ਮਾਸਟਰ ਮੋਹਨ ਲਾਲ, ਭਾਜਪਾ ਦੇ ਉਮੀਦਵਾਰ ਦਿਨੇਸ਼ ਸਿੰਘ ਬੱਬੂ, ਕਾਂਗਰਸ ਦੇ ਉਮੀਦਵਾਰ ਨਰੇਸ਼ ਪੁਰੀ, ‘ਆਪ’ ਉਮੀਦਵਾਰ ਅਮਿਤ ਸਿੰਘ ਮੰਟੂ, ਮਾਰਕੀਟ ਕਮੇਟੀ ਦੇ ਚੇਅਰਮੈਨ ਭਾਨੂੰ ਪ੍ਰਤਾਪ ਸਿੰਘ ਆਦਿ ਨੇ ਵੀ ਪੁੱਜ ਕੇ ਸ਼ਰਧਾਂਜਲੀ ਭੇਟ ਕੀਤੀ।
ਸ਼ਹੀਦ ਗੁਰਬਾਜ਼ ਸਿੰਘ ਦਾ ਜੱਦੀ ਪਿੰਡ ਮਸਾਣੀਆਂ ਵਿੱਚ ਸਸਕਾਰ
ਬਟਾਲਾ (ਹਰਜੀਤ ਸਿੰਘ ਪਰਮਾਰ): ਅਰੁਣਾਚਲ ਪ੍ਰਦੇਸ਼ ਦੀ ਭਾਰਤ-ਚੀਨ ਸਰਹੱਦ ’ਤੇ ਬਰਫੀਲੇ ਤੂਫਾਨ ਦੀ ਚਪੇਟ ਵਿੱਚ ਆਉਣ ਕਾਰਨ ਸ਼ਹੀਦ ਹੋਏ ਭਾਰਤੀ ਫੌਜ ਦੇ ਜਵਾਨ ਗੁਰਬਾਜ਼ ਸਿੰਘ ਦੀ ਦੇਹ ਅੱਜ ਉਸ ਦੇ ਜੱਦੀ ਪਿੰਡ ਮਸਾਣੀਆਂ ਲਿਆਂਦੀ ਗਈ। ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੇ ਸ਼ਹੀਦ ਨੂੰ ਸਲਾਮ ਕੀਤਾ ਅਤੇ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫ਼ਾਕ ਨੇ ਬਟਾਲਾ ਦੇ ਤਹਿਸੀਲਦਾਰ ਜਸਕਰਨ ਸਿੰਘ ਨੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਵੰਡਾਇਆ ਅਤੇ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿਵਾਇਆ। ਇਸ ਮੌਕੇ ਭਾਰਤੀ ਫੌਜ ਦੇ ਅਧਿਕਾਰੀਆਂ ਵੱਲੋਂ ਵੀ ਸ਼ਹੀਦ ਗੁਰਬਾਜ਼ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸ਼ਹੀਦ ਦੀ ਚਿਖਾ ਨੂੰ ਅਗਨੀ ਉਸ ਦੇ ਪਿਤਾ ਗੁਰਮੀਤ ਸਿੰਘ ਨੇ ਦਿਖਾਈ। ਪਿੰਡ ਮਸਾਣੀਆਂ ਦੇ ਵਸਨੀਕ ਹਰਵਿੰਦਰ ਸਿੰਘ ਅਤੇ ਮਨਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਗੁਰਬਾਜ਼ ਸਿੰਘ ਤਿੰਨ ਸਾਲ ਪਹਿਲਾਂ ਹੀ ਫ਼ੌਜ ’ਚ ਭਰਤੀ ਹੋਇਆ ਸੀ ਅਤੇ ਇਸ ਵੇਲੇ ਉਹ ਅਰੁਣਾਚਲ ਪ੍ਰਦੇਸ਼ ਦੀ ਭਾਰਤ-ਚੀਨ ਸਰਹੱਦ ’ਤੇ ਤਾਇਨਾਤ ਭਾਰਤੀ ਫ਼ੌਜ ਦੀ 62 ਮੀਡੀਅਮ ਫੀਲਡ ਰੈਜੀਮੈਂਟ ਵਿੱਚ ਸੇਵਾਵਾਂ ਨਿਭਾਅ ਰਿਹਾ ਸੀ।