ਪੰਜਾਬੀ ਟ੍ਰਿਬਿਊਨ ਵੈਬ ਡੈਸਕ
ਚੰਡੀਗੜ੍ਹ/ਇਸਲਾਮਾਬਾਦ, 29 ਨਵੰਬਰ
ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਚ ਇਕ ਮਾਡਲ ਵਲੋਂ ਫੋਟੋ ਸ਼ੂਟ ਕਰਵਾਉਣ ’ਤੇ ਵਿਵਾਦ ਛਿੜ ਗਿਆ ਹੈ। ਇਸ ਮਾਡਲ ਨੇ ਗੁਰਦੁਆਰੇ ਵਿਚ ਬਿਨਾਂ ਸਿਰ ਢਕੇ ਫੋਟੋਆਂ ਖਿਚਵਾਈਆਂ। ਇਸ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਇਤਰਾਜ਼ ਜ਼ਾਹਰ ਕੀਤਾ ਹੈ। ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਮੰਗ ਕੀਤੀ ਹੈ ਕਿ ਇਸ ਪਵਿੱਤਰ ਥਾਂ ਦਾ ਨਿਰਾਦਰ ਨਾ ਕੀਤਾ ਜਾਵੇ ਤੇ ਇਸ ਨੂੰ ਪਿਕਨਿਕ ਸਪਾਟ ਨਾ ਬਣਨ ਦਿੱਤਾ ਜਾਵੇ।
ਉਧਰ, ਫੋਟੋਸ਼ੂਟ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਆਲੋਚਨਾ ਮਗਰੋਂ ਪੰਜਾਬ ਸੂਬੇ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੀ ਸਰਕਾਰ ਹਰਕਤ ਵਿੱਚ ਆ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜਦਾਰ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਕਿ ਉਨ੍ਹਾਂ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਗੁਰਦੁਆਰੇ ਵਿੱਚ ‘ਮਾਡਲਿੰਗ’ ਦੀ ਇਜਾਜ਼ਤ ਦੇਣ ਵਾਲੇ ਅਧਿਕਾਰੀਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਪੰਜਾਬ ਪੁਲੀਸ ਦੇ ਇੱਕ ਬੁਲਾਰੇ ਨੇ ਇੱਕ ਟਵੀਟ ਕੀਤਾ, ‘‘ਪੰਜਾਬ ਪੁਲੀਸ ਇਸ ਘਟਨਾ ਨਾਲ ਜੁੜੇ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ ਅਤੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।’’ ਸਬੰਧਿਤ ਬਰਾਂਡ ਦੇ ਪ੍ਰਬੰਧਕਾਂ ਅਤੇ ਮਾਡਲ ਖ਼ਿਲਾਫ਼ ਜਾਂਚ ਕੀਤੀ ਜਾ ਰਹੀ ਹੈ। ਸੂਚਨਾ ਮੰਤਰੀ ਫਵਾਦ ਚੌਧਰੀ ਨੇ ਟਵੀਟ ਕੀਤਾ, ‘‘ਡਿਜ਼ਾਈਨਰ ਅਤੇ ਮਾਡਲ ਨੂੰ ਤਸਵੀਰਾਂ ਲਈ ਸਿੱਖ ਭਾਈਚਾਰੇ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।’’ -ਪੀਟੀਆਈ