ਪੱਤਰ ਪ੍ਰੇਰਕ
ਬਠਿੰਡਾ, 21 ਜੁਲਾਈ
ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ (ਸੀਯੂਪੀ) ਬਠਿੰਡਾ ਦਾ ਵਿਦਿਆਰਥੀ ਮਨੋਰੰਜਨ ਸਾਹੂ, ਜੋ ਤਿੰਨ ਸਾਲ ਪਹਿਲਾਂ ਭੇਤਭਰੇ ਹਾਲਾਤ ਵਿੱਚ ਯੂਨੀਵਰਸਿਟੀ ਤੋਂ ਲਾਪਤਾ ਹੋ ਗਿਆ ਸੀ, ਹੁਣ ਉੜੀਸਾ ਵਿੱਚ ਆਪਣੇ ਘਰ ਪਰਤ ਗਿਆ ਹੈ। ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਵਿੱਚ ਐੱਮਐੱਸਸੀ ਦਾ ਵਿਦਿਆਰਥੀ ਰਿਹਾ ਮਨੋਰੰਜਨ ਸ਼ਾਹੂ 5 ਜੂਨ 2019 ਨੂੰ ਕੈਂਪਸ ਤੋਂ ਲਾਪਤਾ ਸੀ। ਇਸ ਮਗਰੋਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਬਠਿੰਡਾ ਆ ਕੇ ਐੱਫਆਈਆਰ ਦਰਜ ਕਰਵਾਈ ਸੀ। ਸ਼ਾਹੂ ਦੇ ਯੂਨੀਵਰਸਿਟੀ ਦੋਸਤਾਂ ਮੁਤਾਬਕ ਉਹ ਆਨਲਾਈਨ ਗੇਮ ਪਬਜੀ ਖੇਡਣ ਦਾ ਆਦੀ ਸੀ ਅਤੇ ਘੰਟਿਆਂ ਬੱਧੀ ਹੋਸਟਲ ਵਿੱਚ ਗੇਮ ਖੇਡਦਾ ਰਹਿੰਦਾ ਸੀ। ਫ਼ੋਨ ’ਤੇ ਗੱਲਬਾਤ ਕਰਦਿਆਂ ਪੀੜਤ ਦੇ ਭਰਾ ਰਸ਼ਮੀ ਰੰਜਨ ਸ਼ਾਹੂ ਨੇ ਦੱਸਿਆ ਕਿ ਲਾਪਤਾ ਹੋਣ ਸਬੰਧੀ ਜਾਣਕਾਰੀ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ ਸੀ, ਜਿਸ ਮਗਰੋਂ ਇੱਕ ਵਿਅਕਤੀ ਨੇ ਫੋਨ ’ਤੇ ਉਨ੍ਹਾਂ ਨੂੰ ਦੱਸਿਆ ਕਿ ਮਨੋਰੰਜਨ ਸ਼ਾਹੂ ਉਸ ਦੇ ਨਾਲ ਰਹਿ ਰਿਹਾ ਹੈ। ਪਰਿਵਾਰ ਨੇ ਫੋਨ ’ਤੇ ਗੱਲ ਕਰਕੇ ਮਨੋਰੰਜਨ ਨੂੰ ਘਰੇ ਪਰਤਣ ਲਈ ਕਿਹਾ, ਜਿਸ ਮਗਰੋਂ ਉਹ ਘਰੇ ਮੁੜ ਆਇਆ ਹੈ।
ਮਨੋਰੰਜਨ ਨੇ ਦੱਸਿਆ ਕਿ ਉਹ ਤਿੰਨ ਸਾਲਾਂ ਦੌਰਾਨ ਮੁੰਬਈ, ਚੇਨੱਈ ਤੇ ਬੰਗਲੂਰੂ ਘੁੰਮਦਾ ਰਿਹਾ ਹੈ, ਪਰ ਯੂਨੀਵਰਸਿਟੀ ਛੱਡਣ ਤੋਂ ਬਾਅਦ ਦਾ ਸਮਾਂ ਉਸ ਨੂੰ ਕੁਝ ਯਾਦ ਨਹੀਂ। ਐੱਸਐੱਚਓ ਸਦਰ ਗੁਰਮੀਤ ਸਿੰਘ ਨੇ ਕਿਹਾ ਕਿ ਲਾਪਤਾ ਵਿਦਿਆਰਥੀ ਉੜੀਸਾ ਆਪਣੇ ਘਰ ਪਹੁੰਚ ਗਿਆ ਹੈ ਤੇ ਪਰਿਵਾਰ ਦੀ ਅਪੀਲ ’ਤੇ ਐੱਫਆਈਆਰ ਬੰਦ ਕਰ ਦਿੱਤੀ ਗਈ ਹੈ।